ਦੱਸੋ! ਕਿੱਥੇ ਬੈਠ ਕੇ ਪੜ੍ਹੀਏ

08/22/2017 1:08:18 AM

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਅੱਜ ਸਵੇਰ ਤੋਂ ਲਗਾਤਾਰ ਕਈ ਘੰਟੇ ਮੀਂਹ ਪੈਣ ਕਾਰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਕੀਰਤਪੁਰ ਸਾਹਿਬ ਵਿਖੇ ਬਰਸਾਤੀ ਪਾਣੀ ਭਰ ਗਿਆ, ਜਿਸ ਕਾਰਨ ਸਕੂਲ ਦੇ ਵਿਦਿਆਰਥੀਆਂ ਤੇ ਸਕੂਲ ਸਟਾਫ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਕਤ ਸਕੂਲ ਨੀਵਾਂ ਹੋ ਗਿਆ ਹੈ। ਇਸ ਦੇ ਬਾਹਰ ਸੜਕਾਂ ਉੱਚੀਆਂ ਹੋ ਗਈਆਂ ਹਨ। ਪਾਣੀ ਦੀ ਨਿਕਾਸੀ ਦਾ ਕੋਈ ਸਹੀ ਪ੍ਰਬੰਧ ਨਹੀਂ ਹੈ। ਆਲਾ-ਦੁਆਲਾ ਉੱਚਾ ਹੋਣ ਕਾਰਨ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਸਾਰਾ ਪਾਣੀ ਅਤੇ ਸਕੂਲ ਦਾ ਬਰਸਾਤੀ ਪਾਣੀ ਸਕੂਲ ਦੇ ਗਰਾਊਂਡ ਅਤੇ ਕਮਰਿਆਂ ਵਿਚ ਜਮ੍ਹਾ ਹੋ ਜਾਂਦਾ ਹੈ। ਅੱਜ ਵੀ ਮੀਂਹ ਪੈਣ ਤੋਂ ਬਾਅਦ ਪਾਣੀ ਸਕੂਲ 'ਚ ਦਾਖਲ ਹੋ ਗਿਆ, ਜਿਸ ਕਾਰਨ ਕਲਾਸਾਂ ਤੇ ਸਟਾਫ ਰੂਮ ਡੁੱਬ ਗਿਆ। ਵਿਦਿਆਰਥੀਆਂ ਨੂੰ ਕਲਾਸਾਂ 'ਚੋਂ ਪਾਣੀ ਬਾਹਰ ਕੱਢਣ ਲਈ ਸਖ਼ਤ ਮਿਹਨਤ ਕਰਨੀ ਪਈ, ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋਈ।
ਇਲਾਕੇ ਦੇ ਮੋਹਤਬਰਾਂ ਤੇ ਸਕੂਲ ਸਟਾਫ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੇ ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਤੋਂ ਮੰਗ ਕੀਤੀ ਕਿ ਸਕੂਲ 'ਚ ਪਾਣੀ ਦਾਖਲ ਹੋਣ ਦਾ ਹੱਲ ਕਰਦੇ ਹੋਏ ਇਸ ਨੂੰ ਉੱਚਾ ਕਰਵਾਇਆ ਜਾਵੇ ਤੇ ਇਸ ਦਾ ਸੁਧਾਰ ਕੀਤਾ ਜਾਵੇ ਤਾਂ ਜੋ ਮੀਂਹ ਦੇ ਮੌਸਮ ਦੌਰਾਨ ਪੜ੍ਹਨ ਆਉਂਦੇ ਵਿਦਿਆਰਥੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।