ਸਾਂਝਾ ਅਧਿਆਪਕ ਮੋਰਚਾ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ’ਚ ਮਰਨ ਵਰਤ ਸ਼ੁਰੂ

10/08/2018 8:36:58 AM

ਪਟਿਆਲਾ,  (ਬਲਜਿੰਦਰ, ਜੋਸਨ)- ਤਨਖਾਹਾਂ ਘਟਾਉਣ ਤੋਂ ਖਫਾ ਹਜ਼ਾਰਾਂ ਅਧਿਆਪਕਾਂ ਨੇ ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਹੇਠ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਹਿਰ ਪਟਿਆਲਾ ਵਿਚ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਪੱਕਾ ਮੋਰਚਾ ਲਾ ਕੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਅਧਿਆਪਕਾਂ ਨੇ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਚੌਕ ਵਿਚ ਇਕੱਠੇ ਹੋ ਕੇ ਸਰਕਾਰ ਖਿਲਾਫ ਖੁੱਲ੍ਹ ਕੇ ਨਾਅਰੇਬਾਜ਼ੀ ਕੀਤੀ।  ਉਨ੍ਹਾਂ ਸਰਕਾਰ ਨੂੰ ਸਾਫ ਕਹਿ ਦਿੱਤਾ ਕਿ ਉਹ ਕਿਸੇ ਵੀ ਕੀਮਤ ’ਤੇ ਆਪਣੇ ਹੱਕਾਂ ’ਤੇ ਡਾਕਾ ਨਹੀਂ ਮਾਰਨ ਦੇਣਗੇ।       ਅਧਿਆਪਕਾਂ ਨੇ ਕਿਹਾ ਕਿ ਸੂਬੇ ਵਿਚ ਸੱਤਾਧਾਰੀ ਕਾਂਗਰਸ ਪਾਰਟੀ ਅਤੇ ਵਿਰੋਧੀ ਧਿਰ ਅਕਾਲੀ ਦਲ ਦੀਆਂ ਲੋਕ ਮੁੱਦਿਆਂ ਤੋਂ ਧਿਆਨ ਹਟਾਉਣ ਵਾਲੀਆਂ ਰੈਲੀਆਂ ਦੀ ਅਖੌਤੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਹਜ਼ਾਰਾਂ ਅਧਿਆਪਕਾਂ ਨੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਵਿਚ ਸੂਬਾਈ ਪ੍ਰਦਰਸ਼ਨ ਕਰ ਕੇ ਕੱਚੇ, ਠੇਕਾ ਅਾਧਾਰਤ ਤੇ ਰੈਗੂਲਰ ਅਧਿਆਪਕਾਂ ਦੀਆਂ ਵੱਖ-ਵੱਖ ਮੰਗਾਂ ਪੂਰੀਆਂ ਹੋਣ ਤੱਕ ਅਤੇ ਸਰਕਾਰ ਦੀਆਂ ਸਿੱਖਿਆ ਦੇ ਨਿੱਜੀਕਰਨ ਪੱਖੀ ਨੀਤੀਆਂ ਨੂੰ ਮੋਡ਼ਾ ਦੇਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।


 ਮਰਨ ਵਰਤ ’ਤੇ ਬੈਠਣ ਵਾਲੇ 11 ਅਧਿਆਪਕਾਂ ਵਿਚ ਹਰਜੀਤ  ਸਿੰਘ ਜੀਂਦਾ, ਰਮੇਸ਼ ਮੱਕਡ਼, ਤਰਨਜੋਤ ਸ਼ਰਮਾ, ਸਤਨਾਮ ਸਿੰਘ, ਦਲਜੀਤ ਸਿੰਘ ਖਾਲਸਾ,  ਸ਼ਮਿੰਦਰ ਰੋਪਡ਼, ਜਸਵੰਤ ਸਿੰਘ ਡੋਹਕ, ਜਸਵਿੰਦਰ ਬਠਿੰਡਾ, ਪ੍ਰਭਦੀਪ ਸਿੰਘ, ਬਚਿੱਤਰ ਸਿੰਘ  ਅਤੇ ਬਲਵਿੰਦਰ ਸਿੰਘ ਸ਼ਾਮਿਲ ਹਨ। ਆਗੂਆਂ ਨੇ ਦੱਸਿਆ ਕਿ ਸ਼ਹਿਰ ਵਿਚ ਲਾਏ ਪੱਕੇ  ਮੋਰਚੇ ਰਾਹੀਂ ਅਧਿਆਪਕ ਵਰਗ ਵੱਡੇ ਘੋਲ ਉਸਾਰਦਿਆਂ, ਪੰਜਾਬ ਸਰਕਾਰ ਵੱਲੋਂ ਸਿੱਖਿਆ ਵਰਗੇ  ਸੰਵੇਦਨਸ਼ੀਲ ਖੇਤਰ ਪ੍ਰਤੀ ਅਪਣਾਏ ਜਾ ਰਹੇ ਨਾਂਹ-ਪੱਖੀ ਰਵੱਈਏ ਵਿਰੁੱਧ ਲੋਕਾਂ ਦੀ ਕਚਹਿਰੀ  ’ਚ ਸਰਕਾਰ ਦੇ ਸਿੱਖਿਆ ਵਿਰੋਧੀ ਕਿਰਦਾਰ ਦਾ ਭਾਂਡਾ ਭੰਨੇਗਾ।


ਇਸੇ ਮੌਕੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾਈ ਕਨਵੀਨਰਾਂ ਬਲਕਾਰ ਸਿੰਘ ਵਲਟੋਹਾ, ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ, ਹਰਜੀਤ ਸਿੰਘ ਬਸੋਤਾ, ਬਾਜ ਸਿੰਘ ਖਹਿਰਾ ਅਤੇ ਸੂਬਾਈ ਕੋ-ਕਨਵੀਨਰਾਂ ਸੁਖਰਾਜ ਸਿੰਘ, ਹਰਦੀਪ ਟੋਡਰਪੁਰ, ਦੀਦਾਰ ਮੁੱਦਕੀ  ਨੇ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐੱਸ. ਐੱਸ. ਏ., ਰਮਸਾ, ਆਦਰਸ਼ ਅਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਨੂੰ ਪੂਰੇ ਗਰੇਡ ਵਿਚ ਪੱਕੇ ਕਰਨ ਦੀ ਬਜਾਏ ਤਨਖਾਹਾਂ ਵਿਚ 65 ਤੋਂ 75 ਫੀਸਦੀ ਤੱਕ ਕਟੌਤੀ ਕਰ ਕੇ ਅਧਿਆਪਕਾਂ ਦਾ ਉਜਾਡ਼ਾ ਕਰਨ ’ਤੇ ਮੋਹਰ ਲਾਉਣ ਦਾ ਬਹੁਤ ਮਾਡ਼ਾ ਫੈਸਲਾ ਕੀਤਾ ਗਿਆ ਹੈ।