ਅਧਿਆਪਕਾਂ ਦੀ ਕਮੀ ਕਾਰਨ ਨਾਭਾ ਦੇ ਸਰਕਾਰੀ ਸਕੂਲ ਨੂੰ ਲੋਕਾਂ ਨੇ ਜੜ੍ਹਿਆ ਜਿੰਦਰਾ (ਵੀਡੀਓ)

07/18/2018 12:52:55 PM

ਨਾਭਾ (ਰਾਹੁਲ ਖੁਰਾਨਾ) : ਸਿੱਖਿਆ ਮੰਤਰੀ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਧਿਆਪਕਾਂ ਲਈ ਡਰੈੱਸ ਕੋਡ ਜਾਰੀ ਕਰਨ ਵਰਗੇ ਐਲਾਨ ਕਰ ਦਿੱਤੇ ਗਏ ਪਰ ਲੱਗਦਾ ਹੈ ਕਿ ਮੰਤਰੀ ਸਾਬ੍ਹ ਨੂੰ ਸਰਕਾਰੀ ਸਕੂਲਾਂ ਦੀ ਜ਼ਮੀਨੀ ਹਕੀਕਤ ਦਾ ਅੰਦਾਜ਼ਾ ਹੀ ਨਹੀਂ। ਕਈ ਸਰਕਾਰੀ ਸਕੂਲ ਅਧਿਆਪਕਾਂ ਤੋਂ ਵਾਂਝੇ ਹਨ, ਅਜਿਹੇ 'ਚ ਸਿੱਖਿਆ ਦਾ ਮਿਆਰ ਕਿਵੇਂ ਸੁਧਰੇਗਾ। ਨਾਭਾ ਬਲਾਕ ਦੇ ਪਿੰਡ ਛੀਟਾਂਵਾਲਾ ਦੇ ਸਰਕਾਰੀ ਸੀਨੀਅਰ ਸੰਕੈਂਡਰੀ ਸਕੂਲ ਦਾ ਵੀ ਇਹੀ ਹਾਲ ਹੈ, ਜਿੱਥੇ ਅਧਿਆਪਕਾਂ ਦੀਆਂ 9 ਪੋਸਟਾਂ ਖਾਲ੍ਹੀ ਹਨ, ਜਿਸ ਤੋਂ ਦੁਖੀ ਪਿੰਡ ਦੇ ਲੋਕਾਂ ਨੇ ਸਕੂਲ ਨੂੰ ਤਾਲਾ ਜੜ ਦਿੱਤਾ। 
ਆਸ-ਪਾਸ ਦੇ ਕਈ ਪਿੰਡਾਂ ਦੇ ਬੱਚੇ ਇੱਥੇ ਪੜ੍ਹਨ ਆਉਂਦੇ ਹਨ। ਅਧਿਆਪਕਾਂ ਦੀ ਘਾਟ ਕਾਰਨ ਇਹ ਬੱਚੇ ਸਕੂਲ ਛੱਡਣ ਲਈ ਮਜਬੂਰ ਹਨ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਉਨ੍ਹਾਂ ਕੁੜੀਆਂ ਨੂੰ ਪੇਸ਼ ਆ ਰਹੀ ਹੈ ਜੋ ਇਹ ਸਕੂਲ ਛੱਡ ਕੇ ਕਿਸੇ ਦੂਰ ਦੇ ਸਕੂਲ ਨਹੀਂ ਜਾ ਸਕਦੀਆਂ ਤੇ ਉਨ੍ਹਾਂ ਨੂੰ ਆਪਣੀ ਪੜ੍ਹਾਈ ਵਿਚਕਾਰ ਹੀ ਛੱਡਣੀ ਪੈ ਰਹੀ ਹੈ। 
ਸਕੂਲ ਦੇ ਪ੍ਰਿੰਸੀਪਲ ਦਾ ਵੀ ਕਹਿਣਾ ਹੈ ਉਹ ਕਈ ਵਾਰ ਵਿਭਾਗ ਨੂੰ ਅਧਿਆਪਕਾਂ ਦੀਆਂ ਖਾਲ੍ਹੀ ਪੋਸਟਾਂ ਭਰਨ ਲਈ ਲਿਖ ਚੁੱਕੇ ਹਨ ਪਰ ਉਨ੍ਹਾਂ ਦੀਆਂ ਦਰਖਾਸਤਾਂ 'ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਬੁਰਾ ਅਸਰ ਪੈ ਰਿਹਾ ਹੈ ਤੇ ਪਿੰਡ ਦੇ ਲੋਕਾਂ ਨੂੰ ਮਜ਼ਬੂਰਨ ਧਰਨਾ ਲਗਾ ਕੇ ਸਕੂਲ ਨੂੰ ਤਾਲਾ ਜੜ੍ਹਨਾ ਪਿਆ।