ਪਿਓ ਦੀ ਜ਼ਿੱਦ ਨਾ ਤੋੜ ਸਕੀ ''ਸੁਪਨੇ'', ਭੂਆ ਦੇ ਸਾਥ ਨਾਲ ਛੂਹੀਆਂ ਬੁਲੰਦੀਆਂ

04/29/2019 12:22:30 PM

ਚੰਡੀਗੜ੍ਹ : ਕਹਿੰਦੇ ਹਨ ਕਿ ਜੇਕਰ ਬੰਦੇ 'ਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਵੱਡੀ ਤੋਂ ਵੱਡੀ ਸਮੱਸਿਆ ਨੂੰ ਵੀ ਉਹ ਪਾਰ ਕਰ ਜਾਂਦਾ ਹੈ, ਕੁਝ ਅਜਿਹਾ ਹੀ ਰੋਪੜ ਦੀ ਰਹਿਣ ਵਾਲੀ ਡਾ. ਸੋਨੀਆ ਨਾਲ ਹੋਇਆ ਹੈ। ਪਿਓ ਦੀ ਉੱਚੀ ਪੜ੍ਹਾਈ ਨਾ ਕਰਾਉਣ ਦੀ ਜ਼ਿੱਦ ਵੀ ਸੋਨੀਆ ਦੇ ਸੁਪਨੇ ਨੂੰ ਤੋੜ ਨਾ ਸਕੀ ਅਤੇ ਆਪਣੀ ਭੂਆ ਦਾ ਸਾਥ ਪਾ ਕੇ ਹੁਣ ਸੋਨੀਆਂ ਨੇ ਆਸਮਾਨ ਦੀਆਂ ਬੁਲੰਦੀਆਂ ਛੂਹ ਲਈਆਂ ਹਨ। 
ਜਾਣਕਾਰੀ ਮੁਤਾਬਕ ਰੋਪੜ ਦੇ ਪਿੰਡ ਰੰਗੀਲਪੁਰ ਦੀ ਡਾ. ਸੋਨੀਆ ਆਪਣੇ ਪਿਤਾ ਦੀ ਮਰਜ਼ੀ ਬਗੈਰ ਕਾਲਜ ਚਲੀ ਗਈ ਸੀ ਤਾਂ ਪਿਤਾ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਪਿਤਾ ਦਾ ਕਹਿਣਾ ਸੀ ਕਿ ਸਮਾਜ ਦੇ ਲੋਕ ਕੀ ਸੋਚਣਗੇ ਕਿਉਂਕਿ ਕੁੜੀਆਂ ਘਰ 'ਚ ਹੀ ਰਹਿੰਦੀਆਂ ਹਨ। ਇਸ ਤੋਂ ਬਾਅਦ ਸੋਨੀਆ ਆਪਣੀ ਭੂਆ ਦੇ ਘਰ ਰੋਪੜ ਜਾ ਕੇ ਰਹਿਣ ਲੱਗ ਪਈ ਅਤੇ ਆਪਣੀ ਪੜ੍ਹਾਈ ਪੂਰੀ ਕੀਤੀ। ਪੰਜਾਬ ਯੂਨੀਵਰਸਿਟੀ ਤੋਂ ਸਾਲ 2013 'ਚ ਸੋਨੀਆ ਨੇ ਪੀ. ਐੱਚ. ਡੀ. ਸ਼ੁਰੂ ਕੀਤੀ। ਉਸ ਨੇ ਰਿਸਰਚ ਦਾ ਵਿਸ਼ਾ ਵੀ ਇਹੀ ਚੁਣਿਆ। ਸੋਨੀਆ ਕਹਿੰਦੀ ਹੈ ਕਿ ਸਮਾਜ 'ਚ ਔਰਤਾਂ ਦੀ ਪਛਾਣ ਦਬਾਈ ਜਾਂਦੀ ਹੈ। ਪਿਤਾ, ਪਤੀ ਅਤੇ ਬੇਟੇ ਉਨ੍ਹਾਂ ਨੂੰ ਆਪਣੇ ਤੋਂ ਅੱਗੇ ਵਧਣ ਨਹੀਂ ਦਿੰਦੇ। ਇਸ ਲਈ ਇਨ੍ਹਾਂ ਵਿਸ਼ਿਆਂ ਨੂੰ ਹੀ ਸੋਨੀਆ ਨੇ ਰਿਸਰਚ ਲਈ ਚੁਣਿਆ। ਸੋਨੀਆ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੀ ਪਹਿਲੀ ਲੜਕੀ ਹੈ, ਜਿਸ ਨੇ ਪੀ. ਐੱਚ. ਡੀ. ਦੀ ਡਿਗਰੀ ਹਾਸਲ ਕੀਤੀ ਹੈ। ਫਿਲਹਾਲ ਇਸ ਸਮੇਂ ਸੋਨੀਆ ਇਕ ਕਾਲਜ 'ਚ ਅਧਿਆਪਕਾ ਦੇ ਤੌਰ 'ਤੇ ਤਾਇਨਾਤ ਹੈ।

Babita

This news is Content Editor Babita