ਹੱਥ-ਮੂੰਹ ਸਾੜ ਕੇ ਸਕੂਲ ਆਉਣ ਵਾਲੇ ਬੱਚਿਆਂ ਨੂੰ ਮਿਲੇਗਾ ਇਨਾਮ, ਚਰਚਾ ਦਾ ਵਿਸ਼ਾ ਬਣੀ ਅਧਿਆਪਕ ਦੀ ਇਹ ਪੋਸਟ

11/07/2023 6:39:06 PM

ਗੁਰਦਾਸਪੁਰ (ਹਰਮਨ, ਵਿਨੋਦ)- ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਇਕ ਅਧਿਆਪਕ ਵੱਲੋਂ ਆਪਣੇ ਫੇਸਬੁੱਕ ਅਕਾਊਂਟ ’ਤੇ ਪਾਈ ਗਈ ਇਕ ਪੋਸਟ ਅੱਜ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਪੋਸਟ ਦੀ ਲੋਕਾਂ ਵੱਲੋਂ ਕੀਤੀ ਜਾ ਰਹੀ ਤਿੱਖੀ ਨਿੰਦਾ ਦੇ ਚਲਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਜ਼ਿਲ੍ਹੇ ਦੇ ਡਿਪਟੀ ਡੀ. ਈ. ਓ. ਨੂੰ ਇਸ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।

ਉਕਤ ਅਧਿਆਪਕ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਦੀਆਂ ਦੇ ਅਧੀਨ ਇਕ ਪਿੰਡ ਦੇ ਸਰਕਾਰੀ ਸਕੂਲ ਵਿਚ ਤਾਇਨਾਤ ਹੈ। ਇਸ ਅਧਿਆਪਕ ਦੇ ਨਾਮ ’ਤੇ ਬਣੇ ਫੇਸਬੁੱਕ ਅਕਾਊਂਟ ’ਤੇ ਪਾਈ ਪੋਸਟ ਵਿਚ ਲਿਖਿਆ ਕਿ ਦੀਵਾਲੀ ਦੇ ਤਿਉਹਾਰ ’ਤੇ ਜਿਹੜਾ ਵਿਦਿਆਰਥੀ ਆਪਣੇ ਮੂੰਹ, ਅੱਖਾਂ, ਹੱਥ ਸਾੜ ਕੇ ਸਕੂਲ ਪਹੁੰਚੇਗਾ, ਉਸ ਨੂੰ 500 ਰੁਪਏ ਦੇ ਇਨਾਮ ਅਤੇ ‘ਪਟਾਕਿਆਂ ਦੇ ਸਰਦਾਰ’ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਪੋਸਟ ਵਿਚ ਅਧਿਆਪਕ ਨੇ ਇਹ ਵੀ ਲਿਖਿਆ ਕਿ ਇਹ ਇਨਾਮ ਉਸ ਨੂੰ ਵਿਸ਼ਵਕਰਮਾ ਦਿਹਾੜੇ ਮੌਕੇ ਸਕੂਲ ਦੀ ਅਸੈਂਬਲੀ ’ਚ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਬੇਖੌਫ਼ ਹੋਏ ਲੁਟੇਰੇ, ਦੁਕਾਨਦਾਰ ਕੋਲੋਂ ਲੱਖਾਂ ਰੁਪਏ ਲੁੱਟੇ ਹੋਏ ਫ਼ਰਾਰ, ਵਾਰਦਾਤ cctv 'ਚ ਕੈਦ

ਹਾਲਾਂਕਿ ਸਵੇਰੇ ਇਹ ਪੋਸਟ ਅਧਿਆਪਕ ਵੱਲੋਂ ਡਿਲੀਟ ਕਰ ਦਿੱਤੀ ਗਈ ਪਰ ਇਸ ਤੋਂ ਪਹਿਲਾਂ ਹੀ ਇਸ ਪੋਸਟ ਦੇ ਸਕਰੀਨ ਸ਼ਾਰਟ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਣੇ ਸ਼ੁਰੂ ਹੋ ਗਏ ਸਨ ਅਤੇ ਕਿਸੇ ਨੇ ਜ਼ਿਲ੍ਹੇ ਦੇ ਡੀ. ਈ. ਓ. ਅਤੇ ਡਿਪਟੀ ਡੀ. ਈ. ਓ. ਨੂੰ ਵੀ ਇਸ ਅਧਿਆਪਕ ਦੀ ਪੋਸਟ ਸਾਂਝੀ ਕਰ ਦਿੱਤੀ ਗਈ ਸੀ। ਇਸ ਪੋਸਟ ਪਿੱਛੇ ਅਧਿਆਪਕ ਦੀ ਕੀ ਤਮੰਨਾ ਸੀ ਜਾਂ ਉਨ੍ਹਾਂ ਨੇ ਬੱਚਿਆਂ ਨੂੰ ਸੇਧ ਦੇਣ ਲਈ ਕੀ ਸੋਚ ਕੇ ਅਜਿਹੀ ਪੋਸਟ ਪਾਈ ਸੀ, ਇਹ ਸਭ ਅਜੇ ਸਵਾਲਾਂ ਦੇ ਘੇਰੇ ਵਿਚ ਹੈ ਅਤੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਇਹ ਪੋਸਟ ਅਧਿਆਪਕ ਵੱਲੋਂ ਖੁਦ ਪਾਈ ਗਈ ਸੀ ਅਤੇ ਜਾਂ ਫਿਰ ਉਸ ਦੇ ਅਕਾਊਂਟ ’ਤੇ ਕਿਸੇ ਹੋਰ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ।

ਇਹ ਵੀ ਪੜ੍ਹੋ- SGPC ਚੋਣਾਂ : ਸ਼੍ਰੋਮਣੀ ਅਕਾਲੀ ਦਲ ਨੇ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਐਲਾਨਿਆ ਉਮੀਦਵਾਰ

ਇਹ ਸਭ ਭਾਵੇਂ ਅਜੇ ਜਾਂਚ ਦੇ ਵਿਸ਼ੇ ਹਨ ਪਰ ਲੋਕਾਂ ਵੱਲੋਂ ਇਹ ਕਹਿ ਕੇ ਹੈਰਾਨੀ ਅਤੇ ਰੋਸ ਜਤਾਇਆ ਜਾ ਰਿਹਾ ਹੈ ਕਿ ਜੇਕਰ ਸੱਚਮੁੱਚ ਇਸ ਪੋਸਟ ਨੂੰ ਸੱਚ ਮੰਨ ਕੇ ਕੋਈ ਵਿਦਿਆਰਥੀ ਜਾਣਬੁਝ ਕੇ ਹੱਥ ਮੂੰਹ ਸਾੜ ਲੈਂਦਾ ਤਾਂ ਉਸਦਾ ਜ਼ਿੰਮੇਵਾਰ ਕੌਣ ਹੋਵੇਗਾ? ਲੋਕ ਇਹ ਸਵਾਲ ਵੀ ਖੜ੍ਹਾ ਕਰ ਰਹੇ ਹਨ ਕਿ ਅਧਿਆਪਕ ਵਰਗ ਨੇ ਬੱਚਿਆਂ ਨੂੰ ਰਸਤਾ ਦਿਖਾਉਣਾ ਹੁੰਦਾ ਹੈ ਪਰ ਜਦੋਂ ਅਧਿਆਪਕ ਖੁਦ ਹੀ ਅਜਿਹੀਆਂ ਪੋਸਟਾਂ ਸ਼ੇਅਰ ਕਰ ਕੇ ਅਜਿਹਾ ਪ੍ਰਚਾਰ ਕਰਨਗੇ ਤਾਂ ਇਸ ਦੇ ਚੰਗੇ ਨਤੀਜਿਆਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

ਇਸ ਸਬੰਧੀ ਜਦੋਂ ਅਧਿਆਪਕ ਨੂੰ ਫੋਨ ਕੀਤਾ ਤਾਂ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਉਨ੍ਹਾਂ ਦਾ ਫੋਨ ਬੰਦ ਮਿਲਿਆ। ਇਸ ਸਬੰਧ ’ਚ ਜਦੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਚੁੱਕਿਆ ਹੈ ਅਤੇ ਉਨ੍ਹਾਂ ਡਿਪਟੀ ਡੀਈਓ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan