ਮਾਲੀ,ਚਪੜਾਸੀ ਤੋਂ ਲੈ ਕੇ ਮਿਸਤਰੀ ਤੱਕ ਹਰ ਕੰਮ ਖ਼ੁਦ ਕਰਦੇ ਨੇ ਇਹ ਅਧਿਆਪਕ, ਜਜ਼ਬਾ ਜਾਣ ਕਰੋਗੇ ਸਲਾਮ

09/05/2020 6:04:17 PM

ਬਠਿੰਡਾ/ਮਾਨਸਾ: ਹਰੇਕ ਇਨਸਾਨ ਦੀ ਸਫ਼ਲਤਾ ਦੇ ਪਿੱਛੇ ਉਸ ਦੇ ਅਧਿਆਪਕ ਦੀ ਭੂਮਿਕਾ ਹੁੰਦੀ ਹੈ। ਉਹੀ ਇਨਸਾਨ ਤਰੱਕੀ ਕਰਦਾ ਹੈ, ਜੋ ਆਪਣੇ ਅਧਿਆਪਕ ਵਲੋਂ ਦਿੱਤੀ ਗਈ ਸਿੱਖਿਆ ਨੂੰ ਗ੍ਰਹਿਣ ਕਰਦਾ ਹੈ। ਇਸ ਲਈ ਅਧਿਆਪਕ ਦੇ ਸਨਮਾਨ ਵਜੋਂ ਹੀ ਹਰ ਸਾਲ 5 ਸਤੰਬਰ ਨੂੰ 'ਅਧਿਆਪਕ ਦਿਵਸ' ਮਨਾਇਆ ਜਾਂਦਾ ਹੈ। ਕਈ ਅਧਿਆਪਕ ਤਾਂ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਸਾਰੀ ਜ਼ਿੰਦਗੀ ਸਕੂਲਾਂ ਦੇ ਲੇਖੇ ਲਾ ਦਿੰਦੇ ਹਨ ਅਤੇ ਸਕੂਲ ਨੂੰ ਉੱਚੀਆਂ ਮੰਜ਼ਿਲਾਂ ਤੱਕ ਪਹੁੰਚਾਉਣ ਲਈ ਐਤਵਾਰ ਦਾ ਦਿਨ ਵੀ ਸਕੂਲਾਂ ਲੇਖੇ ਲਾ ਦਿੰਦੇ ਹਨ। ਅਜਿਹੇ ਅਧਿਆਪਕ ਐਤਵਾਰ ਵਾਲੇ ਦਿਨ ਸਕੂਲ ਦੇ ਮਾਲੀ ਵੀ ਬਣਦੇ ਹਨ ਤੇ ਚਪੜਾਸੀ ਵੀ। ਉਨ੍ਹਾਂ ਲਈ ਅਹੁਦਾ ਮਹੱਤਵਪੂਰਨ ਨਹੀਂ ਮਹੱਤਵਪੂਰਨ ਹੈ ਸਿਰਫ਼ ਸਕੂਲ।

ਇਹ ਵੀ ਪੜ੍ਹੋ:  ਫਿਰੋਜ਼ਪੁਰ 'ਚ ਕੋਰੋਨਾ ਦਾ ਤਾਂਡਵ, ਪੰਜਾਬ ਪੁਲਸ ਦੇ ASI ਸਣੇ 4 ਨੇ ਤੋੜਿਆ ਦਮ

ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਠੇ ਇੰਦਰ ਸਿੰਘ ਵਾਲੇ 'ਚ ਸਰਕਾਰੀ ਪ੍ਰਾਇਮਰੀ ਸਕੂਲ 'ਚ ਅਧਿਆਪਕ ਰਾਜਿੰਦਰ ਸਿੰਘ ਬੋਰਡ 'ਤੇ ਢਾਕ ਹੀ ਨਹੀਂ ਚਲਾਉਂਦਾ, ਸਕੂਲ ਦੇ ਫਰਨੀਚਰ ਨੂੰ ਸੁੰਦਰ ਦਿੱਖ ਦੇਣ ਲਈ ਆਰੀ ਤੇ ਤੇਸਾ ਵੀ ਉਸ ਦੇ ਹਥਿਆਰ ਹਨ। ਕਿਧਰੇ ਸਕੂਲ 'ਚ ਪੱਤੇ ਖਿੱਡੇ ਹੋਣ ਤਾਂ ਰਾਜਿੰਦਰ ਸਿੰਘ ਝਾੜੂ ਚੁੱਕਣ ਤੋਂ ਵੀ ਗੁਰੇਜ ਨਹੀਂ ਕਰਦਾ। ਇਸ ਅਧਿਆਪਕ ਨੇ ਬਿਨਾਂ ਕਿਸੇ ਸਰਕਾਰੀ ਗ੍ਰਾਂਟ ਤੋਂ ਆਪਣੇ ਸਕੂਲ ਦੀ ਨੁਹਾਰ ਕਾਨਵੈਂਟ ਸਕੂਲਾਂ ਵਰਗੀ ਬਣਾ ਦਿੱਤੀ ਹੈ। ਰਾਜਿੰਦਰ ਸਿੰਘ ਦੱਸਦੇ ਹਨ ਕਿ ਉਹ ਸਿਰਫ਼ ਅਧਿਆਪਕ ਤੱਕ ਸੀਮਤ ਨਹੀਂ ਸਗੋਂ ਸਕੂਲ 'ਚ ਲੱਕੜੀ ਦਾ ਕੰਮ, ਬਿਜਲੀ ਦਾ ਕੰਮ, ਪਲੱਬਰ, ਪੇਂਟਿੰਗ ਰੰਗ ਰੋਗਣ ਅਤੇ ਉਸਾਰੀ ਜਾਂ ਫ਼ਿਰ ਮਾਲੀ ਦਾ ਕੰਮ ਖ਼ੁਦ ਹੀ ਕਰ ਲੈਂਦੇ ਹਨ। ਇਸ ਪਿੰਡ ਦੇ ਜਿਸ ਸਕੂਲ 'ਚ ਪੰਜ ਸਾਲ ਪਹਿਲਾਂ ਬੱਚੇ ਵੀ ਜਾਣਾ ਪਸੰਦ ਨਹੀਂ ਸੀ ਕਰਦੇ ਸਨ ਤੇ ਹੁਣ ਉਸੇ ਸਕੂਲ 'ਚ ਉਨ੍ਹਾਂ ਦੀ ਮਿਹਨਤ ਸਦਕਾ ਸਕੂਲ 13 ਵੱਡੇ-ਵੱਡੇ ਪਿੰਡਾਂ ਦੇ ਬੱਚਿਆਂ ਲਈ ਪਹਿਲੀ ਪਸੰਦ ਬਣ ਕੇ ਉਭਰਿਆ ਹੈ। 

ਇਹ ਵੀ ਪੜ੍ਹੋ: ਚੋਰਾਂ ਦੇ ਹੌਂਸਲੇ ਬੁਲੰਦ, ਸ਼ਹਿਰ ਦੀ ਸਭ ਤੋਂ ਸੁਰੱਖਿਅਤ ਗਲੀ 'ਚ ਦਿੱਤਾ ਵੱਡੀ ਵਾਰਦਾਤ ਨੂੰ ਅੰਜ਼ਾਮ

ਇੰਨਾ ਹੀ ਨਹੀਂ ਇਨ੍ਹਾਂ ਪੰਜ ਸਾਲਾਂ ਦੌਰਾਨ ਸਕੂਲ 'ਚ ਬੱਚਿਆਂ ਦੀ ਗਿਣਤੀ 'ਚ 10 ਤੋਂ 20 ਨਹੀਂ ਬਲਕਿ ਸਾਢੇ 6 ਗੁਣਾਂ ਤੱਕ ਦਾ ਵਾਧਾ ਦਰਜ ਕਰਕੇ ਪੂਰੇ ਪੰਜਾਬ ਲਈ ਰੋਲ ਮਾਡਲ ਬਣਿਆ ਹੈ। ਇਸ ਸਕੂਲ ਦੇ ਤਾਂ 100 ਫੀਸਦੀ ਤੋਂ ਵਧੇਰੇ ਦਾਖ਼ਲਿਆਂ ਨੂੰ ਦੇਖ ਕੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਵੀ ਹੈਰਾਨ ਰਹਿ ਗਏ। ਸਿੱਖਿਅਕ ਪੱਧਰ ਤੇ ਖੇਡ ਮੁਕਾਬਲਿਆਂ 'ਚ ਅਤੇ ਮੌਜੂਦਾ ਸਮੇਂ ਦੇ ਧਾਰਮਿਕ ਮੁਕਾਬਲਿਆਂ 'ਚ ਵੀ ਇਸ ਸਕੂਲ ਨੇ ਵੱਡੇ-ਵੱਡੇ ਸਕੂਲਾਂ ਨੂੰ ਮਾਤ ਪਾਈ ਹੈ। ਸੀਮਤ ਸ਼ਬਦਾਂ 'ਚ ਅਧਿਆਪਕ ਰਾਜਿੰਦਰ ਸਿੰਘ ਦੀ ਮਿਹਨਤ ਨੂੰ ਬਿਆਨਣਾ ਹੋਵੇ ਤਾਂ ਸਕੂਲ ਦੇ ਹਰ ਕੋਨੇ-ਕੋਨੇ ਨੂੰ ਉਸ ਨੇ ਆਪਣ ਪਸੀਨੇ ਨਾਲ ਸਿੱਜਿਆ ਹੈ। ਜ਼ਿਲ੍ਹਾ ਮਾਨਸਾ ਦੇ ਪਿੰਡ ਕੁੱਲਰੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਪੜ੍ਹਾਉਂਦੇ ਅਧਿਆਪਕ ਲਖਵੀਰ ਸਿੰਘ ਵੀ ਲੱਖਾਂ 'ਚੋਂ ਇਕ ਹਨ। ਸਕੂਲ ਦੇ ਪਾਰਕ 'ਚ ਘਾਹ ਵੱਡਾ ਹੋ ਜਾਵੇ, ਬੂਟਿਆਂ ਦੀ ਕਾਂਟ-ਛਾਂਟ ਕਰਨੀ ਹੋਵੇ ਤਾਂ ਉਹ ਮਾਲੀ ਬਣ ਜਾਂਦੇ ਹਨ। ਸਰਕਾਰੀ ਸਕੂਲਾਂ 'ਚ ਲੋਕਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਪਾਰਕ ਬਣਨਗੇ ਪਰ ਲਖਵੀਰ ਵਰਗੇ ਮਿਹਨਤੀ ਅਧਿਆਪਕਾਂ ਨੇ ਪਾਰਕਾਂ 'ਚ ਫੁਹਾਰੇ ਵੀ ਚੱਲਣ ਨਾ ਦਿੱਤੇ। ਸਕੂਲ ਦੀ ਸ਼ਾਨਦਾਰ ਇਮਾਰਤ ਤੇ ਕੰਧਾਂ ਵੀ ਉਨ੍ਹਾਂ ਦੀ ਮਿਹਨਤ ਦੀ ਹਾਮੀ ਭਰਦੀਆਂ ਹਨ। ਲਾਇਬ੍ਰਰੇਰੀ ਵੀ ਇਸ ਸਕੂਲ ਦੀ ਸ਼ਾਨ ਹੈ। ਬੱਚਿਆਂ ਨੂੰ ਘਰ-ਘਰ ਛੱਡਣ ਲਈ ਉਨ੍ਹਾਂ ਨੇ ਮੁਫ਼ਤ 'ਚ ਸਕੂਲ ਵੈਨ ਦਾ ਵੀ ਇੰਤਜਾਮ ਕੀਤਾ ਹੋਇਆ ਹੈ। ਸਕੂਲ ਪ੍ਰਬੰਧਾਂ 'ਚ ਕਿਸੇ ਚੀਜ਼ ਦੀ ਤੋਟ ਨਾ ਰਹੇ ਇਸ ਲਈ ਉਹ ਆਪਣੀ ਜੇਬ 'ਚੋਂ ਵੀ ਲੱਖਾਂ ਰੁਪਏ ਖਰਚ ਕਰ ਚੁੱਕੇ ਹਨ। ਪਿੰਡ ਦੇ ਬਾਸ਼ਿੰਦੇ ਵੀ ਉਨ੍ਹਾਂ ਨੂੰ ਭਰਪੂਰ ਸਾਥ ਦਿੰਦੇ ਹਨ। 

ਇਹ ਵੀ ਪੜ੍ਹੋ:  ਦਾਜ ਨੇ ਨਿਗਲੀ ਇਕ ਹੋਰ ਲਾਡਲੀ ਦੀ ਜਾਨ, ਸਹੁਰਿਆ ਤੋਂ ਦੁਖੀ ਹੋ ਖ਼ੁਦ ਨੂੰ ਦਿੱਤੀ ਦਰਦਨਾਕ ਮੌਤ

ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ ਦੇ ਅਧਿਆਪਕ ਸੁਖਪਾਲ ਸਿੰਘ ਵੀ ਸਕੂਲ ਦੀ ਬਿਹਤਰੀ ਲਈ ਐਤਵਾਰ ਦੀ ਛੁੱਟੀ ਦਾ ਸੁੱਖ ਤਿਆਗ ਦਿੰਦੇ ਹਨ। ਸਾਥੀ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲ ਦੇ ਕਮਰਿਆਂ ਨੂੰ ਟ੍ਰੇਨ ਦਾ ਰੂਪ ਦੇ ਦਿੱਤਾ। ਦੋ ਕਮਰਿਆਂ ਦੀਆਂ ਕੰਧਾਂ ਬੱਚਿਆਂ ਨੂੰ ਜਲ੍ਹਿਆਂਵਾਲਾ ਬਾਗ ਦੇ ਸਾਕੇ ਬਾਰੇ ਜਾਣਕਾਰੀ ਦਿੰਦੀਆਂ ਹਨ। ਸੁਖਪਾਲ ਸਿੰਘ ਹੁਰਾ ਨੇ ਸਕੂਲ ਦੀ ਬਿਹਤਰੀ ਲਈ ਇੱਥੇ ਪੜ੍ਹ ਚੁੱਕੇ ਪੁਰਾਣੇ ਵਿਦਿਆਰਥੀਆਂ ਦੀ 'ਸਕੂਲ ਵਿਕਾਸ ਭਲਾਈ ਕਮੇਟੀ' ਬਣਾਈ ਹੈ ਜੋ ਆਪਣੇ ਹਰ ਸੁੱਖ-ਦੁੱਖ 'ਚ ਸਕੂਲ ਲਈ ਦਾਨ ਦੇਣਾ ਆਪਣਾ ਫਰਜ਼ ਸਮਝਦੇ ਹਨ। ਸੇਵਾ ਮੁਕਤ ਖੇਤੀਬਾੜੀ ਅਫ਼ਸਰ ਗੁਰਾਦਿੱਤਾ ਸਿੰਘ ਜੋ ਇਸੇ ਸਕੂਲ 'ਚ ਪੜ੍ਹਦੇ ਰਹੇ ਹਨ ਉਨ੍ਹਾਂ ਨੇ ਸਮਾਰਟ ਕਲਾਸ ਰੂਮ ਬਣਾਉਣ ਲਈ ਸਵਾ ਲੱਖ ਰੁਪਏ ਦਾ ਟੱਚ ਸਿਸਟਮ ਦਿੱਤਾ ਜੋ ਆਮ ਤੌਰ 'ਤੇ ਕਾਨਵੈਂਟ ਸਕੂਲਾਂ 'ਚ ਵੀ ਹੁੰਦਾ ਹੈ ਪਰ ਇਸ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਉਹ ਮਿਲਿਆ ਹੋਇਆ ਹੈ। ਸੁਖਪਾਲ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਲਾਕਡਾਊਨ ਦਰਮਿਆਨ ਵੀ ਉਹ ਆਪਣੇ ਸਕੂਲ ਦੀ ਬਿਹਤਰੀ ਲਈ ਕੰਮ ਕਰਦਾ ਰਿਹਾ ਹੈ। ਲਾਕਡਾਊਨ ਦੌਰਾਨ ਸਕੂਲ ਦੇ ਸਾਰੇ 139 ਵਿਦਿਆਰਥੀਆਂ ਦੇ ਘਰ-ਘਰ ਜਾ ਕੇ ਉਨ੍ਹਾਂ ਨੂੰ ਮਾਸਕ ਵੀ ਵੰਡੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਹਿੱਤਾਂ ਲਈ ਉਹ ਆਪਣੇ ਸਕੂਲਾਂ ਦੇ ਬਾਥਰੂਮਾਂ ਅਤੇ ਕਮਰਿਆਂ ਨੂੰ ਵੀ ਖ਼ੁਦ ਸਾਫ਼ ਕਰਨ ਤੋਂ ਕੋਈ ਸ਼ਰਮ ਨਹੀਂ ਮੰਨਦੇ।

ਇਹ ਵੀ ਪੜ੍ਹੋ: ਕੋਰੋਨਾ ਟੈਸਟ ਕਰਵਾ ਕੇ ਬੁਰੇ ਫਸੇ ਘੁਬਾਇਆ, ਹੋਇਆ ਵੱਡਾ ਖ਼ੁਲਾਸਾ

Shyna

This news is Content Editor Shyna