ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ

12/31/2017 12:51:26 AM

ਪਠਾਨਕੋਟ/ਸੁਜਾਨਪੁਰ,  (ਸ਼ਾਰਦਾ, ਹੀਰਾ ਲਾਲ, ਸਾਹਿਲ)-  ਸਿੱਖਿਆ ਵਿਭਾਗ ਵੱਲੋਂ ਸਾਲ 2001 ਅਤੇ ਉਸ ਦੇ ਬਾਅਦ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਭਰਤੀ ਬੀ. ਐੱਡ. ਅਧਿਆਪਕਾਂ ਨੂੰ 6 ਮਹੀਨੇ ਦੇ ਬ੍ਰਿਜ ਕੋਰਸ ਕਰਨ ਕੇ ਕੱਢੇ ਫਰਮਾਨ ਦੇ ਵਿਰੋਧ ਵਿਚ ਅੱਜ ਗੌਰਮੈਂਟ ਟੀਚਰ ਯੂਨੀਅਨ ਵੱਲੋਂ ਸੁਜਾਨਪੁਰ ਵਿਚ ਜ਼ਿਲਾ ਪ੍ਰਧਾਨ ਸਤਪਾਲ ਵਰਮਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਗਟ ਕੀਤਾ ਗਿਆ।
ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਦੇ ਜ਼ਿਲਾ ਪ੍ਰਧਾਨ ਰਜਿੰਦਰ ਧੀਮਾਨ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਦੌਰਾਨ ਸਤਪਾਲ ਵਰਮਾ ਅਤੇ ਰਜਿੰਦਰ ਧੀਮਾਨ ਨੇ ਕਿਹਾ ਕਿ ਸਰਕਾਰ ਬਿਨਾਂ ਵਜ੍ਹਾ ਸ਼ਰਤਾਂ ਲਾਗੂ ਕਰ ਕੇ ਸਿੱਖਿਆ ਵਿਭਾਗ ਵਿਚ ਤਾਇਨਾਤ ਅਧਿਆਪਕਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਜਿਨ੍ਹਾਂ ਅਧਿਆਪਕਾਂ ਨੂੰ ਕੋਰਸ ਕਰਨ ਦੇ ਲਈ ਸਰਕਾਰ ਮਜਬੂਰ ਕਰ ਰਹੀ ਹੈ ਉਹ ਵਿਭਾਗ ਵਿਚ ਪਿਛਲੇ 16 ਸਾਲਾਂ ਤੋਂ ਕੰਮ ਕਰ ਰਹੇ ਹਨ, ਜਿਸ ਸਮੇਂ ਉਨ੍ਹਾਂ ਨੂੰ ਵਿਭਾਗ ਵਿਚ ਨਿਯੁਕਤ ਕੀਤਾ ਗਿਆ ਸੀ ਉਸ ਸਮੇਂ ਇਸ ਤਰ੍ਹਾਂ ਦਾ ਕੋਰਸ ਕਰਨ ਦੀ ਕੋਈ ਸ਼ਰਤ ਨਹੀਂ ਸੀ ਪਰ ਇਸ ਦੇ ਬਾਵਜੂਦ ਵਿਭਾਗ ਵੱਲੋਂ ਅਧਿਆਪਕਾਂ ਨੂੰ ਇਸ ਕੋਰਸ ਨੂੰ ਕਰਨ ਦਾ ਫਰਮਾਨ ਜਾਰੀ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਆਰ. ਟੀ. ਈ. ਐਕਟ ਨੂੰ ਸਾਲ 2010 'ਚ ਲਾਗੂ ਕੀਤਾ ਗਿਆ ਹੈ ਜਦ ਕਿ ਜਿਨ੍ਹਾਂ ਅਧਿਆਪਕਾਂ ਦੀ ਨਿਯੁਕਤੀ ਇਸ ਤੋਂ ਪਹਿਲਾਂ ਹੋਈ ਹੈ ਉਸ 'ਤੇ ਵੀ ਇਹ ਬ੍ਰਿਜ ਕੋਰਸ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਰਕਾਰੀ ਸਿੱਖਿਆ ਨੂੰ ਖਤਮ ਕਰ ਕੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਸਿੱਖਿਆ ਦਾ ਸੰਵਿਧਾਨਿਕ ਅਧਿਕਾਰ ਖੋਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਤੋਂ ਇਸ ਅਧਿਆਪਕ ਵਿਰੋਧੀ ਪੱਤਰ ਨੂੰ ਬਿਨਾਂ ਸ਼ਰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਦੌਰਾਨ ਬੋਧਰਾਜ, ਰਜਨੀਸ਼ ਕੁਮਾਰ, ਭਵਾਨੀ ਠਾਕੁਰ, ਰਵੀ ਦੱਤ, ਪ੍ਰੇਮ ਸਿੰਘ, ਮਨੋਹਰ ਲਾਲ ਪ੍ਰਧਾਨ ਈ. ਟੀ. ਟੀ. ਯੂਨੀਅਨ, ਰਾਮਦਾਸ, ਨੀਤੂ ਬਾਲਾ, ਸਰੂਚੀ, ਸੀਮਾ ਦੇਵੀ, ਰਾਮ ਦਿਆਲ, ਰਾਜੇਸ਼ ਖਜੂਰੀਆ, ਅਨਿਲ ਚੌਧਰੀ, ਜੁਗਿੰਦਰ ਪਾਲ, ਸੁਸ਼ੀਲ ਕੁਮਾਰ, ਮਨੋਹਰ ਲਾਲ ਹਾਜ਼ਰ ਸਨ।