ਪੰਚਾਇਤੀ ਚੋਣਾਂ ਕਾਰਨ ਅਧਿਆਪਕਾਂ ਦੀਆਂ ਸੂਬਾ ਪੱਧਰੀ ਖੇਡਾਂ ਮੁਲਤਵੀ

12/24/2018 8:38:10 PM

ਲੁਧਿਆਣਾ (ਵਿੱਕੀ)-ਸਰਕਾਰ ਵਲੋਂ 26 ਤੋਂ 28 ਦਸੰਬਰ ਤੱਕ ਲੁਧਿਆਣਾ ’ਚ ਕਰਵਾਈਆਂ ਜਾਣ ਵਾਲੀਆਂ ਅਧਿਆਪਕਾਂ ਦੀਆਂ ਅੰਤਰ ਜ਼ਿਲਾ ਖੇਡਾਂ ਦੇ ਆਯੋਜਨ ਤੋਂ 2 ਦਿਨ ਪਹਿਲਾਂ ਸਿੱਖਿਆ ਵਿਭਾਗ ਨੇ ਕਦਮ ਪਿੱਛੇ ਖਿੱਚ ਲਏ ਹਨ। ਸਿੱਖਿਆ ਵਿਭਾਗ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਸਟੇਟ ਆਰਗੇਨਾਈਜ਼ਰ ਵਲੋਂ ਜਾਰੀ ਪੱਤਰ ਮੁਤਾਬਕ ਹੁਣ ਅਧਿਆਪਕਾਂ ਦੀਆਂ ਇਹ ਖੇਡਾਂ 11 ਤੋਂ 13 ਜਨਵਰੀ ਤੱਕ ਲੁਧਿਆਣਾ ’ਚ ਹੋਣਗੀਆਂ। ਸਟੇਟ ਆਰਗੇਨਾਈਜ਼ਰ ਵਲੋਂ ਜਾਰੀ ਉਕਤ ਪੱਤਰ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੇ ਹੀ ਚਰਚਾਵਾਂ ਦਾ ਬਾਜ਼ਾਰ ਵੀ ਗਰਮ ਹੋ ਗਿਆ। ਖੇਡਾਂ ਵਿਚ ਹਿੱਸਾ ਲੈਣ ਵਾਲੇ ਕੁਝ ਅਧਿਆਪਕਾਂ ਨੇ ਉਕਤ ਫੈਸਲੇ ਨੂੰ ਦੇਰੀ ਨਾਲ ਲਿਆ ਫੈਸਲਾ ਦੱਸਿਆ। ਉਥੇ ਕਈਆਂ ਨੇ ਕਿਹਾ ਕਿ ਇਸ ਗੱਲ ਤੋਂ ਸਾਫ ਹੈ ਕਿ ਵਿਭਾਗ ਹਰ ਕੰਮ ਨੂੰ ਕਿੰਨਾ ਲੇਟ ਲਤੀਫੀ ਨਾਲ ਕਰਦਾ ਹੈ। ਜੇਕਰ ਖੇਡਾਂ ਰੱਦ ਹੀ ਕਰਨੀਆਂ ਸਨ ਤਾਂ ਇਸ ਦਾ ਐਲਾਨ ਪਹਿਲਾਂ ਕਰਨਾ ਚਾਹੀਦਾ ਸੀ।

ਅਧਿਆਪਕਾਂ ਦੀ ਲੱਗੀ ਚੋਣ ਡਿਊਟੀ

ਸਟੇਟ ਆਗੇਨਾਈਜ਼ਰ ਵਲੋਂ ਜਾਰੀ ਇਸ ਪੱਤਰ ’ਚ ਖੇਡਾਂ ਦੇ ਮੁਲਤਵੀ ਹੋਣ ਦਾ ਕੋਈ ਕਾਰਨ ਤੱਕ ਨਹੀਂ ਲਿਖਿਆ ਗਿਆ ਪਰ ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ’ਚ ਕਈ ਅਧਿਆਪਕਾਂ ਦੀ ਡਿਊਟੀ ਲੱਗੀ ਹੋਣ ਕਾਰਨ ਅਧਿਆਪਕਾਂ ਦੀਆਂ ਖੇਡਾਂ ਨੂੰ ਮੁਲਤਵੀ ਕੀਤਾ ਗਿਆ ਹੈ ਕਿਉਂਕਿ 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ’ਚ ਜ਼ਿਆਦਾਤਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਡਿਊਟੀ ਲੱਗੀ ਹੈ। ਇਸ ਲਈ ਅਧਿਆਪਕਾਂ ਨੂੰ ਖੇਡਾਂ ’ਚ ਹਿੱਸਾ ਲੈਣ ਤੋਂ ਬਾਅਦ ਵਾਪਸ ਆਪਣੇ ਜ਼ਿਲਿਆਂ ਵਿਚ ਪਹੁੰਚਣਾ ਮੁਸ਼ਕਿਲ ਸੀ। ਇਸ ਲਈ ਚੋਣ ਕਾਰਜ ਵਿਚ ਕੋਈ ਅਡ਼ਚਣ ਨਾ ਆਵੇ ਤਾਂ ਵਿਭਾਗ ਨੇ ਖੇਡਾਂ ਦੀਆਂ ਤਰੀਕਾਂ ’ਚ ਬਦਲਾਓ ਕਰ ਦਿੱਤਾ।