ਕੋਰੋਨਾ ਨੇ ਮੁੜ ਦਿੱਤੀ ਦਸਤਕ, ਅਧਿਆਪਕ ਕੋਰੋਨਾ ਪਾਜ਼ੇਟਿਵ, ਸਕੂਲ ਅਗਲੇ ਹੁਕਮਾਂ ਤੱਕ ਬੰਦ

10/28/2020 4:01:11 PM

ਸਮਰਾਲਾ (ਗਰਗ, ਬੰਗੜ) : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ ਖੋਲ੍ਹਣ ਦੇ ਲਏ ਗਏ ਫੈਸਲੇ ਨਾਲ ਭਾਵੇ ਸਕੂਲਾਂ 'ਚ ਰੌਣਕ ਤਾਂ ਵਾਪਸ ਪਰਤ ਆਈ ਹੈ ਪਰ ਜਿਸ ਤਰ੍ਹਾਂ ਨਾਲ ਕਈ ਸਕੂਲਾਂ 'ਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਉਸ ਨਾਲ ਵਿੱਦਿਆਰਥੀਆਂ ਅਤੇ ਸਟਾਫ਼ 'ਤੇ ਮਹਾਮਾਰੀ ਦੀ ਲਪੇਟ 'ਚ ਆਉਣ ਦਾ ਖਤਰਾ ਖੜ੍ਹਾ ਹੋ ਗਿਆ ਹੈ। ਸਮਰਾਲਾ ਵਿਖੇ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਇਕ ਅਧਿਆਪਕ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਨਾਲ ਜਿਥੇ ਸਕੂਲ ਨੂੰ ਇਕ ਹਫ਼ਤੇ ਲਈ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ, ਉੱਥੇ ਹੀ ਸਕੂਲ ਸਟਾਫ਼ ਦੇ ਦੁਬਾਰਾ ਟੈਸਟ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਇਸ ਅਧਿਆਪਕ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਨੂੰ ਵੀ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਕੋਰੋਨਾ ਪਾਜ਼ੇਟਿਵ ਆਏ ਅਧਿਆਪਕ ਨੂੰ ਘਰ ਵਿਚ ਹੀ ਇਕਾਂਤਵਾਸ ਕੀਤਾ ਗਿਆ ਹੈ। ਸਕੂਲ 'ਚ ਜਿਵੇ ਹੀ ਅਧਿਆਪਕ ਦੀ ਰਿਪੋਰਟ ਪਾਜ਼ੇਟਿਵ ਆਉਣ ਦਾ ਪਤਾ ਚੱਲਿਆ ਤਾਂ ਸਟਾਫ਼ ਤੋਂ ਇਲਾਵਾ ਵਿੱਦਿਆਰਥੀਆਂ 'ਚ ਘਬਰਾਹਟ ਵਾਲਾ ਮਾਹੌਲ ਪੈਦਾ ਹੋ ਗਿਆ। ਇਸ ਅਧਿਆਪਕ ਦੇ ਸੰਪਰਕ ਵਿਚ ਕੁਝ ਵਿਦਿਆਰਥੀਆਂ ਦੇ ਆਉਣ ਦੀ ਗੱਲ ਵੀ ਕਹੀ ਜਾ ਰਹੀ ਹੈ ਅਤੇ ਬੱਚਿਆਂ ਦੇ ਮਾਪਿਆਂ ਅੰਦਰ ਵੀ ਚਿੰਤਾ ਵਾਲਾ ਮਾਹੌਲ ਹੈ।

ਇਹ ਵੀ ਪੜ੍ਹੋ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਵੱਡਾ ਧਮਾਕਾ ਕਰ ਸਕਦੇ ਹਨ ਸਰਨਾ 

ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਖੁੱਲ੍ਹਣ ਮਗਰੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਸਕੂਲਾਂ ਵਿਚ ਜਾ ਕੇ ਅਧਿਆਪਕਾਂ ਅਤੇ ਹੋਰ ਸਟਾਫ਼ ਦੀ ਕੋਰੋਨਾ ਜਾਂਚ ਲਈ ਟੈਸਟ ਕੀਤੇ ਜਾ ਰਹੇ ਸਨ। ਸ਼ੁੱਕਰਵਾਰ ਨੂੰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਵੀ ਸਿਹਤ ਵਿਭਾਗ ਦੀ ਟੀਮ ਨੇ ਪੁੱਜ ਕੇ ਇਥੋਂ ਦੇ ਸਾਰੇ ਸਟਾਫ਼ ਦੇ ਸੈਂਪਲ ਲਏ ਸਨ। ਇਸ ਸਕੂਲ ਵਿਚ ਕੁਲ 45 ਸਟਾਫ਼ ਮੈਂਬਰ ਹਨ ਅਤੇ ਤਿੰਨ ਦਿਨ ਬਾਅਦ ਅੱਜ ਆਈ ਰਿਪੋਰਟ ਵਿਚ ਇਕ ਅਧਿਆਪਕ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਹਫ਼ੜਾ-ਦਫੜੀ ਫੈਲ ਗਈ। ਇਹ ਅਧਿਆਪਕ ਸਕੂਲ ਖੁਲ੍ਹਣ ਮਗਰੋਂ ਲਗਾਤਾਰ ਸਕੂਲ ਆ ਰਿਹਾ ਸੀ ਅਤੇ ਇਕ ਕਲਾਸ ਦਾ ਇੰਚਾਰਜ ਹੋਣ ਕਾਰਣ ਉਸ ਵੱਲੋਂ ਰਜਿਸ਼ਟ੍ਰੇਸ਼ਨ ਦਾ ਕੰਮ ਕੀਤੇ ਜਾਣ ਕਾਰਨ ਕਈ ਵਿੱਦਿਆਰਥੀ ਵੀ ਉਸ ਦੇ ਸੰਪਰਕ ਵਿਚ ਆਉਣ ਦੀ ਸੰਕਾ ਪ੍ਰਗਟਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਮਾਰਚ ਦੀ ਬਜਾਏ ਮਈ 'ਚ ਹੋ ਸਕਦੇ ਸੀ. ਬੀ. ਐੱਸ. ਈ. ਦੇ ਐਗਜ਼ਾਮ

ਸਿਹਤ ਵਿਭਾਗ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਕੂਲ ਨੂੰ ਬੰਦ ਰੱਖਣ ਲਈ ਕਿਹਾ ਗਿਆ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸਵਰਨਜੀਤ ਕੌਰ ਨੇ ਸਕੂਲ ਦੇ ਇਕ ਅਧਿਆਪਕ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਦੀ ਜਾਣਕਾਰੀ ਮਿਲਣ 'ਤੇ ਤੁਰੰਤ ਸਕੂਲ ਬੰਦ ਕਰਨ ਸਮੇਤ ਅਗਲੇ ਬੁੱਧਵਾਰ ਤੱਕ ਸਕੂਲ ਨੂੰ ਬੰਦ ਰੱਖਦ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ : 5 ਨੌਜਵਾਨਾਂ ਨੇ ਵਾਰਦਾਤ ਨੂੰ ਦਿੱਤਾ ਅੰਜ਼ਾਮ, ਸਾਢੇ 3 ਲੱਖ ਲੁੱਟ ਕੇ ਹੋਏ ਫਰਾਰ

Anuradha

This news is Content Editor Anuradha