ਟੈੱਟ ਪਾਸ ਬੇਰੋਜ਼ਗਾਰ ਬੀ. ਐੈੱਡ. ਅਧਿਆਪਕ ਯੂਨੀਅਨ ਪੰਜਾਬ ਨੇ ਦਿੱਤਾ ਐੈੱਸ. ਡੀ. ਐੈੱਮ. ਨੂੰ ਮੰਗ-ਪੱਤਰ

06/18/2018 1:03:18 PM

ਪਟਿਆਲਾ (ਲਖਵਿੰਦਰ)-ਟੈੱਟ ਪਾਸ ਬੇਰੋਜ਼ਗਾਰ ਬੀ. ਐੈੱਡ ਅਧਿਆਪਕ ਯੂਨੀਅਨ ਪੰਜਾਬ ਦੇ ਆਗੂਆਂ ਨੇ ਅੱਜ ਸੂਬਾ ਜਨਰਲ ਸਕੱਤਰ ਚੰਦਰ ਗੁਪਤ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਕੈ. ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਪੰਜਾਬ ਓ. ਪੀ. ਸੋਨੀ ਦੇ ਨਾਂ ਇਕ ਮੰਗ-ਪੱਤਰ ਡਿਪਟੀ ਕਮਿਸ਼ਨਰ ਦੇ ਨਾ ਮਿਲਣ 'ਤੇ ਐੈੱਸ. ਡੀ. ਐੈੱਮ. ਨੂੰ ਦਿੱਤਾ। ਐੈੱਸ. ਡੀ. ਐੈੱਮ. ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦੁਆਇਆ ਕਿ ਇਹ ਮੰਗ-ਪੱਤਰ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਤੱਕ ਪਹੁੰਚਾ 
ਦਿੱਤਾ ਜਾਵੇਗਾ।
ਵਫ਼ਦ ਦੀ ਅਗਵਾਈ ਕਰ ਰਹੇ ਸੂਬਾ ਜਨਰਲ ਸਕੱਤਰ ਚੰਦਰ ਗੁਪਤ ਨੇ ਦੱਸਿਆ ਕਿ ਜਿਨ੍ਹਾਂ ਬੇਰੋਜ਼ਗਾਰ ਬੀ. ਐੈੱਡ. ਪਾਸ ਅਧਿਆਪਕਾਂ ਨੇ ਭਰਤੀ ਲਈ ਸਰਕਾਰ ਦੀ ਯੋਜਨਾ ਮੁਤਾਬਕ ਟੈੱਟ ਟੈਸਟ ਪਾਸ ਕਰ ਰੱਖਿਆ ਹੈ, ਨੂੰ ਸਮਾਂ ਰਹਿੰਦੇ ਨੌਕਰੀਆਂ ਪ੍ਰਦਾਨ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਇਸ ਵੇਲੇ 50 ਹਜ਼ਾਰ ਤੋਂ ਵੀ ਵੱਧ ਬੀ. ਐੈੱਡ. ਪਾਸ ਤੇ ਟੈੱਟ ਪਾਸ ਅਧਿਆਪਕ ਬੇਰੋਜ਼ਗਾਰ ਹਨ। ਜੇਕਰ ਇਨ੍ਹਾਂ ਨੂੰ ਸਮਾਂ ਰਹਿੰਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ 'ਤੇ ਭਰਤੀ ਨਾ ਕੀਤਾ ਗਿਆ ਤਾਂ ਇਹ ਵੀ ਓਵਰਏਜ ਹੋ ਜਾਣਗੇ, ਜਿਸ ਨਾਲ ਨਾ ਤਾਂ ਉਹ ਬੱਚਿਆਂ ਨੂੰ ਪੜ੍ਹਾਈ ਕਰਵਾ ਸਕਣਗੇ ਤੇ ਨਾ ਹੀ ਕੋਈ ਹੋਰ ਕੰਮਕਾਜ ਕਰ ਸਕਣਗੇ। ਸਰਕਾਰੀ ਸਕੂਲਾਂ ਵਿਚ ਅਸਾਮੀਆਂ ਖਾਲੀ ਹਨ ਪਰ ਫਿਰ ਵੀ ਸਰਕਾਰ ਵੱਲੋਂ ਲਾਰਾ-ਲੱਪਾ ਨੀਤੀ ਤਹਿਤ ਹੀ ਸਮਾਂ ਟਪਾਇਆ ਜਾ ਰਿਹਾ ਹੈ।  ਯੂਨੀਅਨ ਆਗੂਆਂ ਨੇ ਦੱਸਿਆ ਕਿ ਬੇਰੋਜ਼ਗਾਰ ਅਧਿਆਪਕ ਸਿਰਫ਼ ਵੱਡੀ ਗਿਣਤੀ ਵਿਚ ਹੀ ਨਹੀਂ ਹਨ ਬਲਕਿ ਇਹ ਅਧਿਆਪਕ ਉਹ ਅਧਿਆਪਕ ਹਨ ਜਿਨ੍ਹਾਂ ਅੰਗਰੇਜ਼ੀ, ਪੰਜਾਬੀ, ਹਿੰਦੀ, ਸਮਾਜਕ ਸਿੱਖਿਆ, ਸਾਇੰਸ, ਮੈਥ ਅਤੇ ਹੋਰ ਵਿਸ਼ਿਆਂ ਵਿਚ ਵੀ ਮੁਹਾਰਤ ਹਾਸਲ ਕੀਤੀ ਹੋਈ ਹੈ। 
ਯੂਨੀਅਨ ਆਗੂਆਂ ਨੇ ਸਪੱਸ਼ਟ ਆਖਿਆ ਕਿ ਜੇਕਰ ਸਰਕਾਰ ਨੇ ਬੀ. ਐੈੱਡ. ਬੇਰੋਜ਼ਗਾਰ ਅਧਿਆਪਕਾਂ ਨੂੰ ਛੇਤੀ ਹੀ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ 'ਤੇ ਭਰਤੀ ਨਾ ਕੀਤਾ ਤਾਂ ਯੂਨੀਅਨ ਸੰਘਰਸ਼ ਦਾ ਰਾਹ ਅਪਣਾਵੇਗੀ। ਨਿਕਲਣ ਵਾਲੇ ਸਾਰੇ ਸਿੱਟਿਆਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੀ ਹੋਵੇਗੀ। ਇਸ ਮੌਕੇ ਵਫ਼ਦ ਵਿਚ ਹਰਮਲਦੀਪ ਸਿੰਘ, ਗੁਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਖੁਸ਼ਹਾਲ ਸਿੰਘ, ਦਵਿੰਦਰ ਸਿੰਘ, ਗੁਰਜੀਤ ਸਿੰਘ, ਕੁਲਵਿੰਦਰ ਸਿੰਘ ਤੇ ਸਵਰਨਜੀਤ ਸਿੰਘ ਆਦਿ ਮੌਜੂਦ ਸਨ।