ਕੈਬਨਿਟ ਮੰਤਰੀ ਰੰਧਾਵਾ ਜੇਲ ’ਚ ਬੰਦ ਮੁਖਤਾਰ ਅੰਸਾਰੀ ਦਾ ਦੂਤ ਬਣਨਾ ਬੰਦ ਕਰਨ : ਚੁਘ

03/15/2021 5:41:48 PM

ਚੰਡੀਗੜ੍ਹ (ਸ਼ਰਮਾ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਉੱਤਰ ਪ੍ਰਦੇਸ਼ ਦੇ ਦੌਰੇ ’ਚ ਮਾਫੀਆ ਸਰਗਨਾ ਤੇ ਜੇਲ ਵਿਚ ਬੰਦ ਮੁਖਤਾਰ ਅੰਸਾਰੀ ਦੇ ਪਰਿਵਾਰ ਅਤੇ ਗੁਰਗਿਆਂ ਨੂੰ ਪੰਜਾਬ ਦੀ ਜੇਲ ਵਿਚ ਬੰਦ ਅਪਰਾਧੀ ਦੇ ਦੂਤ ਬਣ ਕੇ ਮਿਲਣ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਸਖ਼ਤ ਨਿੰਦਾ ਕੀਤੀ। ਚੁਘ ਨੇ ਇੰਟਰਨੈੱਟ ਮੀਡੀਆ ਵਿਚ ਵਿਖਾਈਆਂ ਜਾ ਰਹੀਆਂ ਤਸਵੀਰਾਂ ਅਤੇ ਖ਼ਬਰਾਂ ਦਾ ਹਵਾਲਾ ਦਿੰਦਿਆਂ ਕਿਹਾ ਦੀ ਪੰਜਾਬ ਦੇ ਜੇਲ ਮੰਤਰੀ ਰੰਧਾਵਾ ਵਲੋਂ ਉੱਤਰ ਪ੍ਰਦੇਸ਼ ਦੇ ਦੌਰੇ ’ਤੇ ਖਤਰਨਾਕ ਅਪਰਾਧੀ ਮੁਖਤਾਰ ਅੰਸਾਰੀ ਦੇ ਕਰੀਬੀ ਰਿਸ਼ਤੇਦਾਰ ਅਤੇ ਚਹੇਤਿਆਂ ਦੀ ਮੇਜ਼ਬਾਨੀ, ਉਨ੍ਹਾਂ ਦੀ ਗੱਡੀ ਅਤੇ ਪ੍ਰਾਹੁਣਾਚਾਰੀ ਸਵੀਕਾਰ ਕਰਨ ਨਾਲ ਅੰਸਾਰੀ ਦਾ ਪ੍ਰਿਯੰਕਾ, ਰਾਹੁਲ ਗਾਂਧੀ ਅਤੇ ਕੈਪਟਨ ਨਾਲ ਰਿਸ਼ਤਾ ਜਗ-ਜਾਹਿਰ ਹੋ ਗਿਆ ਹੈ। ਚੁਘ ਨੇ ਕਿਹਾ ਦੀ ਪੰਜਾਬ ਦੀ ਜੇਲ ਵਿਚ ਬੰਦ ਅਪਰਾਧੀ ਨੂੰ ਪੰਜ ਸਿਤਾਰਾ ਸੁਵਿਧਾਵਾਂ ਨਾਲ ਪਹਿਲਾਂ ਹੀ ਨਵਾਜਿਆ ਜਾ ਰਿਹਾ ਹੈ। ਪ੍ਰਿਯੰਕਾ ਵਢੇਰਾ, ਜੋ ਉੱਤਰ ਪ੍ਰਦੇਸ਼ ਵਿਚ ਕਾਂਗਰਸ ਦੀ ਇੰਚਾਰਜ ਜਨਰਲ ਸਕੱਤਰ ਹੈ, ਦੇ ਇਸ਼ਾਰੇ ’ਤੇ ਅਜਿਹੇ ਖਤਰਨਾਕ ਅਪਰਾਧੀ ਨੂੰ ਉੱਤਰ ਪ੍ਰਦੇਸ਼ ਦੀ ਪੁਲਸ ਨੂੰ ਸੌਂਪੇ ਜਾਣ ਵਿਚ ਤਕਨੀਕੀ ਕਾਰਨਾਂ ਦਾ ਹਵਾਲਾ ਦਿੰਦਿਆਂ ਬੜੀ ਬੇਸ਼ਰਮੀ ਨਾਲ ਨਕਾਰਿਆ ਜਾ ਰਿਹਾ ਹੈ। ਕੈਪਟਨ ਸਰਕਾਰ ਗਾਂਧੀ ਪਰਿਵਾਰ ਦੇ ਇਸ਼ਾਰੇ ’ਤੇ ਉੱਤਰ ਪ੍ਰਦੇਸ਼ ਪੁਲਸ ਨੂੰ ਵਾਂਟਿਡ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਵਿਚ ਬੰਦ ਕਰਕੇ ਦੋ ਸਾਲਾਂ ਵਿਚ ਉਸ ਖ਼ਿਲਾਫ਼ ਚਾਰਜਸ਼ੀਟ ਵੀ ਦਾਖਲ ਨਹੀਂ ਕਰ ਸਕੀ।

ਇਹ ਵੀ  ਪੜ੍ਹੋ : ਸੁਖਬੀਰ ਸਿੰਘ ਬਾਦਲ ਵੱਲੋਂ ਦਲ ਦੀ ਵਰਕਿੰਗ ਕਮੇਟੀ ਦੇ 87 ਮੈਬਰਾਂ ਦਾ ਐਲਾਨ

ਕੈਪਟਨ ਸ਼ਰੇਆਮ ਪਾਰਟੀ ਹਾਈਕਮਾਨ ਦੇ ਇਸ਼ਾਰੇ ’ਤੇ ਪੰਜਾਬ ਦੀ ਜੇਲ੍ਹ ਵਿਚ ਮੁਖਤਾਰ ਅੰਸਾਰੀ ਨੂੰ ਰੈੱਡ ਕਾਰਪੇਟ ਵਿਛਾ ਕੇ ਲੁਕੋ ਰਹੇ ਹਨ। ਚੁਘ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦਿਆਂ ਕਿਹਾ ਦੀ ਆਪਣੀ ਕੁਰਸੀ ਅਤੇ ਅਗਲਾ ਮੁੱਖ ਮੰਤਰੀ ਬਣਨ ਦੀ ਇੱਛਾਪੂਰਤੀ ਲਈ ਗਾਂਧੀ ਪਰਿਵਾਰ ਦੇ ਹੁਕਮਾਂ ਨੂੰ ਮੰਨਣ ਤੋਂ ਪ੍ਰਹੇਜ ਕਰਨ। ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਸਿਧਾਰਥ ਨਾਥ ਸਿੰਘ ਦਾ ਦੋਸ਼ ਹੈ ਕਿ ਰੰਧਾਵਾ ਚੁੱਪ-ਚਪੀਤੇ ਲਖਨਊ ਆਏ ਅਤੇ ਅੰਸਾਰੀ ਦੇ ਪਰਿਵਾਰ ਨੂੰ ਮਿਲੇ ਹਨ। ਸਿਧਾਰਥ ਦਾ ਦੋਸ਼ ਹੈ ਕਿ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 12 ਤੋਂ 13 ਮਾਰਚ ਤੱਕ ਲਖਨਊ ਦੌਰੇ ’ਤੇ ਆਏ। ਉਨ੍ਹਾਂ ਨੇ ਜੇਲ੍ਹ ’ਚ ਬੰਦ ਹਿਸਟਰੀ ਸ਼ੀਟਰ ਮੁਖਤਾਰ ਅੰਸਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦਾ ਦੋਸ਼ ਲਾਇਆ। ਕੈਬਨਿਟ ਮੰਤਰੀ ਸਿਧਾਰਥ ਨੇ ਇਹ ਵੀ ਦੋਸ਼ ਲਾਇਆ ਕਿ ਉਹ ਲਖਨਊ ਦੇ ਇਕ ਪੰਜ ਸਿਤਾਰਾ ਹੋਟਲ ’ਚ ਅੰਸਾਰੀ ਦੇ ਪਰਿਵਾਰ ਨੂੰ ਮਿਲੇ। ਹਵਾਈ ਅੱਡੇ ’ਤੇ ਉਨ੍ਹਾਂ ਨੂੰ ਇਕ ਟੀਮ ਰਿਸੀਵ ਕਰਨ ਪਹੁੰਚੀ। ਜੇਲ ਮੰਤਰੀ ਨੂੰ ਹਵਾਈ ਅੱਡੇ ’ਤੇ ਜੋ ਟੀਮ ਰਿਸੀਵ ਕਰਨ ਗਈ ਸੀ, ਉਹ ਮੁਖਤਾਰ ਅੰਸਾਰੀ ਦੀ ਸੀ। ਇਸ ਟੀਮ ਨੇ ਹਵਾਈ ਅੱਡੇ ’ਤੇ ਰੰਧਾਵਾ ਦਾ ਸੁਆਗਤ ਵੀ ਕੀਤਾ। 

ਇਹ ਵੀ  ਪੜ੍ਹੋ : ਵਿਆਹੁਤਾ ਦੀ ਭੇਦਭਰੇ ਹਾਲਾਤ ’ਚ ਮੌਤ  

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 

Anuradha

This news is Content Editor Anuradha