10 ਮਹੀਨਿਆਂ ਤੋਂ ਪੈਨਸ਼ਨ ਲਈ ਠੋਕਰਾਂ ਖਾ ਰਿਹੈ ਤਰਸੇਮ ਲਾਲ

11/18/2017 1:17:45 AM

ਬਲਾਚੌਰ, (ਬ੍ਰਹਮਪੁਰੀ)- ਨਹਿਰੂ ਤੋਂ ਲੈ ਕੇ ਹੁਣ ਤੱਕ ਸਾਰਾ ਜੀਵਨ ਕਾਂਗਰਸ ਪਾਰਟੀ ਦੀ ਸੇਵਾ 'ਚ ਗੁਜ਼ਾਰ ਦਿੱਤਾ ਪਰ ਹੁਣ ਦੀ ਕਾਂਗਰਸ ਨੇ ਨਵੀਂ ਸਹੂਲਤ ਤਾਂ ਕੀ ਦੇਣੀ ਸੀ, ਸਗੋਂ ਸਾਡੀ ਪੁਰਾਣੀ ਸਹੂਲਤ ਪੈਨਸ਼ਨ ਵੀ ਬੰਦ ਕਰ ਦਿੱਤੀ। ਇਹ ਸ਼ਬਦ ਭਰੇ ਮਨ ਨਾਲ ਬਜ਼ੁਰਗ ਤਰਸੇਮ ਲਾਲ ਬਾਰਬਰ ਨੇ ਆਪਣੀ ਵਿੱਥਿਆ ਸੁਣਾਉਂਦੇ ਹੋਏ ਕਹੇ।
ਉਸ ਨੇ ਦੱਸਿਆ ਕਿ ਮੇਰੀ ਪੈਨਸ਼ਨ, ਜੋ ਸਿਰਫ 250 ਰੁਪਏ ਪ੍ਰਤੀ ਮਹੀਨਾ ਹੈ, 10 ਮਹੀਨਿਆਂ ਤੋਂ ਬੰਦ ਹੈ ਤੇ ਪੈਨਸ਼ਨ ਲੈਣ ਲਈ ਪੰਜਾਬ ਨੈਸ਼ਨਲ ਬੈਂਕ ਤੇ ਸੰਬੰਧਤ ਵਿਭਾਗ ਦੇ ਚੱਕਰ ਕੱਟ-ਕੱਟ ਕੇ ਥੱਕ ਗਿਆ ਹਾਂ ਪਰ ਨਾ ਤਾਂ ਬੈਂਕ ਵਾਲੇ ਤੇ ਨਾ ਹੀ ਪੰਜਾਬ ਸਰਕਾਰ ਦਾ ਸੰਬੰਧਤ ਵਿਭਾਗ ਸੁਣ ਰਿਹਾ ਹੈ। 75 ਸਾਲ ਦੇ ਤਰਸੇਮ ਲਾਲ ਨੇ ਦੱਸਿਆ ਕਿ ਬਜ਼ੁਰਗ ਹੋਣ ਕਾਰਨ ਮੇਰਾ ਚੱਲਣਾ-ਫਿਰਨਾ ਔਖਾ ਹੈ ਪਰ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਮੇਰੀ ਇਕ ਨਹੀਂ ਸੁਣੀ। ਜ਼ਿਕਰਯੋਗ ਹੈ ਕਿ ਤਰਸੇਮ ਲਾਲ ਦੇ ਘਰ ਉਸ ਦੀਆਂ ਚੌਧਰੀ ਦਰਸ਼ਨ ਲਾਲ ਮੰਗੂਪੁਰ ਐੱਮ. ਐੱਲ. ਏ. ਕਾਂਗਰਸ ਤੇ ਵਿਜੇ ਰਾਣਾ ਯੂਥ ਕਾਂਗਰਸੀ ਨਾਲ ਲੱਗੀਆਂ ਵੱਡੀਆਂ-ਵੱਡੀਆਂ ਫੋਟੋਆਂ ਉਸ ਦੇ ਕਾਂਗਰਸੀ ਸਮਰਥਕ ਹੋਣ ਦਾ ਸਬੂਤ ਦੇ ਰਹੀਆਂ ਹਨ। ਉਸ ਨੇ ਦੱਸਿਆ ਕਿ ਹੁਣ ਅਕਾਲੀ ਤੇ ਮਾਰਕੀਟ ਵਾਲੇ ਉਸ ਨੂੰ ਕਾਂਗਰਸੀ-ਕਾਂਗਰਸੀ ਕਹਿ ਕੇ ਮੌਜੂਦਾ ਸਰਕਾਰ 'ਚ ਬਜ਼ੁਰਗਾਂ ਦੀ ਕਿਰਕਿਰੀ ਹੋਣ ਦਾ ਅਹਿਸਾਸ ਕਰਵਾ ਰਹੇ ਹਨ।