ਸੁਲਤਾਨਪੁਰ ਲੋਧੀ ਵਿਖੇ ਸੰਗਤ ਲਈ ਖਾਸ ਬਰਤਨਾਂ ''ਚ ਤਿਆਰ ਕੀਤਾ ਜਾਵੇਗਾ ਗੁਰੂ ਕਾ ਲੰਗਰ

10/17/2019 11:30:34 AM

ਤਰਨਤਾਰਨ (ਰਮਨ) : ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਜਿੱਥੇ ਪੂਰੇ ਵਿਸ਼ਵ 'ਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਇਤਿਹਾਸਕ ਅਸਥਾਨ ਸੁਲਤਾਨਪੁਰ ਲੋਧੀ ਵਿਖੇ ਲਾਏ ਜਾਣ ਵਾਲੇ ਲੰਗਰ ਲਈ ਤਾਂਬੇ ਦੇ ਬਰਤਨਾਂ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕਰਵਾਇਆ ਗਿਆ ਹੈ। ਸੰਗਤ ਦੀ ਤੰਦਰੁਸਤੀ ਨੂੰ ਮੁੱਖ ਰੱਖਦੇ ਹੋਏ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਵਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਜਿਨ੍ਹਾਂ 'ਚ ਕੁਇੰਟਲਾਂ ਦੇ ਹਿਸਾਬ ਨਾਲ ਲੰਗਰ ਤਿਆਰ ਕੀਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਜਗਤਾਰ ਸਿੰਘ ਡੇਰਾ ਦੇ ਸੇਵਾਦਾਰ ਬਾਬਾ ਅਵਤਾਰ ਸਿੰਘ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ 1 ਤੋਂ 15 ਨਵੰਬਰ ਤੱਕ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਗੁਰਦੁਆਰਾ ਬੇਰ ਸਾਹਿਬ ਅਤੇ ਅੰਤਰਯਾਮਤਾ ਸਾਹਿਬ ਵਿਖੇ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਵਲੋਂ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਜੋ ਤਾਂਬੇ ਦੇ ਬਰਤਨਾਂ 'ਚ ਤਿਆਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਵਲੋਂ ਦਿੱਲੀ ਤੋਂ 5-5 ਕੁਇੰਟਲ ਲੰਗਰ ਤਿਆਰ ਕਰਨ ਵਾਲੇ ਤਾਂਬੇ ਦੀਆਂ 12 ਦੇਗਾਂ, 4-4 ਕੁਇੰਟਲ ਵਾਲੇ 6 ਪਤੀਲੇ, ਕੜਾਹੇ, 2-2 ਕੁਇੰਟਲ ਵਾਲੇ ਬਰਤਨ ਵਿਸ਼ੇਸ਼ ਤੌਰ 'ਤੇ ਤਿਆਰ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਟੀਲ, ਸਿਲਵਰ ਦੇ ਬਰਤਨਾਂ ਨਾਲੋਂ ਤਾਂਬੇ ਦੇ ਬਰਤਨਾਂ ਨੂੰ ਸ਼ੁੱਧ ਮੰਨਿਆ ਗਿਆ ਹੈ, ਜਿਸ ਕਰਕੇ ਬਾਬਾ ਜਗਤਾਰ ਸਿੰਘ ਜੀ ਵਲੋਂ ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਲਈ ਤਿਆਰ ਕੀਤੇ ਜਾਣ ਵਾਲੇ ਲੰਗਰ ਲਈ ਤਾਂਬੇ ਦੇ ਬਰਤਨਾਂ ਨੂੰ ਚੁਣਿਆ ਗਿਆ ਹੈ।

ਟਨਾਂ ਦੇ ਹਿਸਾਬ ਨਾਲ ਭੇਜੀ ਗਈ ਰਸਦ-ਬਾਬਾ ਅਵਤਾਰ ਸਿੰਘ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਸਮਾਗਮਾਂ ਦੌਰਾਨ ਸੰਗਤ ਲਈ ਮੁੰਬਈ ਤੋਂ 22 ਟਨ ਕਾਲੇ ਅਤੇ ਸਫੇਦ ਚਣੇ, 22 ਟਨ ਰਾਜਮਾਂਹ ਅਤੇ ਮਾਂਹ ਦੀ ਦਾਲ, ਇਕ ਟਰੱਕ ਪਿਆਜ਼ਾਂ ਦਾ, 50 ਲੱਖ ਰੁਪਏ ਦੀ ਵੱਖ-ਵੱਖ ਕਿਸਮਾਂ ਦੀ ਮਠਿਆਈ ਭੇਜੀ ਜਾ ਚੁੱਕੀ ਹੈ। ਇਸ ਮੌਕੇ ਬਾਬਾ ਸਰਵਨ ਸਿੰਘ, ਬਾਬਾ ਗੁਰਨਾਮ ਸਿੰਘ, ਬਾਬਾ ਬੀਰਾ ਸਿੰਘ, ਬਾਬਾ ਮਨਪ੍ਰੀਤ ਸਿੰਘ, ਬਾਬਾ ਸੇਵਾ ਸਿੰਘ ਆਦਿ ਹਾਜ਼ਰ ਸਨ।

Baljeet Kaur

This news is Content Editor Baljeet Kaur