ਤਰਨ ਤਾਰਨ ਜ਼ਿਲ੍ਹੇ 'ਚ 6 ਫਰਜ਼ੀ ਵਾਰਸਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਘਪਲਾ ਹੋਇਆ ਜਨਤਕ

02/24/2021 1:22:56 AM

ਤਰਨਤਾਰਨ, (ਰਮਨ)- ਜ਼ਿਲ੍ਹੇ ਦੇ ਸਿਹਤ ਵਿਭਾਗ ਅੰਦਰ 6 ਫਰਜ਼ੀ ਵਿਅਕਤੀਆਂ ਨੂੰ ਮ੍ਰਿਤਕ ਕਰਾਰ ਦੇ ਕੇ ਫਰਜ਼ੀ ਵਾਰਸਾਂ ਨੂੰ ਸਰਕਾਰੀ ਨੌਕਰੀ ’ਤੇ ਰੱਖਣ ਦਾ ਘਪਲਾ ਸਾਹਮਣੇ ਆਇਆ ਹੈ, ਜਿਸ ਦੀ ਜਾਂਚ ਲਈ ਤਿੰਨ ਮੈਂਬਰੀ ਡਾਕਟਰਾਂ ਦਾ ਬੋਰਡ ਵੀ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਫਰਜ਼ੀਵਾੜੇ 'ਚ ਸਥਾਨਕ ਜ਼ਿਲ੍ਹੇ ਤੋਂ ਲੈ ਕੇ ਚੰਡੀਗੜ੍ਹ ਸਥਿਤ ਸਿਹਤ ਵਿਭਾਗ ਦੇ ਹੈੱਡ ਕੁਆਰਟਰ ’ਚ ਤਾਇਨਾਤ ਵੱਡੇ ਅਧਿਕਾਰੀ ਵੀ ਸ਼ਾਮਲ ਹਨ। ਮਾਮਲੇ ਦੀ ਜਾਂਚ ਨੂੰ ਇਮਾਨਦਾਰੀ ਅਤੇ ਤੇਜ਼ੀ ਨਾਲ ਅੱਗੇ ਵਧਾਉਣ ਵਾਲੇ ਮੌਜੂਦਾ ਸਿਵਲ ਸਰਜਨ ਨੂੰ ਕਈ ਵਿਅਕਤੀਆਂ ਵਲੋਂ ਕੇਸ ਨੂੰ ਠੰਡੇ ਬਸਤੇ ਪਾਉਣ ਲਈ ਧਮਕੀਆਂ ਵੀ ਮਿਲਣ ਲੱਗ ਪਈਆਂ ਹਨ। ਜਿਸ ਨੂੰ ਵੇਖ ਇਹ ਮਾਮਲਾ ਜ਼ਿਆਦਾ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ।

ਜਾਣਕਾਰੀ ਅਨੁਸਾਰ ਸਥਾਨਕ ਜ਼ਿਲ੍ਹੇ ’ਚ ਸਾਲ 2019 ਤੋਂ ਲੈ 2020 ਤੱਕ ਦੇ ਸਮੇਂ ਦੌਰਾਨ 6 ਸਿਹਤ ਕਰਮਚਾਰੀਆਂ ਨੂੰ ਸਰਕਾਰੀ ਨੌਕਰੀ ’ਤੇ ਤਾਇਨਾਤ ਪਰਿਵਾਰਕ ਮੈਂਬਰਾਂ ਦੀ ਮੌਤ ਦਾ ਫਰਜ਼ੀਵਾੜਾ ਤਿਆਰ ਕਰਦੇ ਹੋਏ ਸਰਕਾਰੀ ਪੱਕੀ ਨੌਕਰੀ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਮ੍ਰਿਤਕਾਂ ਦੇ ਫਰਜ਼ੀ ਖਾਤਿਆਂ ’ਚੋ ਬੈਂਕ ਅਤੇ ਖਜ਼ਾਨੇ ’ਚ ਮੌਜੂਦ ਕਰਮਚਾਰੀਆਂ ਦੀ ਮਿਲੀ-ਭੁਗਤ ਨਾਲ ਲੱਖ ਰੁਪਏ ਪ੍ਰਤੀ ਕੇਸ ਦੇ ਹਿਸਾਬ ਨਾਲ 6 ਲੱਖ ਰੁਪਏ ਚੂਨਾ ਸਰਕਾਰ ਨੂੰ ਲਗਾਇਆ ਜਾ ਚੁੱਕਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਇਸ ਦੀ ਭਿਣਕ ਮੌਜੂਦਾ ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੂੰ ਲੱਗੀ ਤਾਂ ਉਨ੍ਹਾਂ ਇਹ ਸਾਰਾ ਮਾਮਲਾ ਡਾਈਰੈਕਟਰ ਸਿਹਤ ਸੇਵਾਵਾਂ ਅਤੇ ਪਰਿਵਾਰ ਭਲਾਈ ਦੇ ਧਿਆਨ ਵਿਚ ਲਿਆਂਦਾ। ਜਿਸ ਤੋਂ ਤੁਰੰਤ ਬਾਅਦ ਇਸ ਦੀ ਜਾਂਚ ਲਈ ਤਿੰਨ ਮੈਂਬਰੀ ਬੋਰਡ ਨਿਯੁਕਤ ਕਰ ਦਿੱਤਾ ਗਿਆ, ਜੋ ਸਾਰੀ ਰਿਪੋਰਟ ਸਬੂਤਾਂ ਸਮੇਤ ਤਿਆਰ ਕਰ ਕੇ ਸਿਵਲ ਸਰਜਨ ਨੂੰ ਜਲਦ ਦੇਣ ਜਾ ਰਿਹਾ ਹੈ। ਇਸ ਰਿਪੋਰਟ ਨੂੰ ਬਾਅਦ ’ਚ ਸਿਹਤ ਵਿਭਾਗ ਚੰਡੀਗਡ਼੍ਹ ਨੂੰ ਅਗਲੇਰੀ ਕਾਰਵਾਈ ਲਈ ਭੇਜਿਆ ਜਾਵੇਗਾ।

ਸੂਤਰਾਂ ਤੋਂ ਮਿਲੀ ਜਾਣਕਾਰੀ ਤਹਿਤ ਅਨੁਸਾਰ ਜ਼ਿਲ੍ਹੇ ਦੇ ਵੱਖ-ਵੱਖ ਸਿਹਤ ਕੇਂਦਰਾਂ ’ਚ ਤਾਇਨਾਤ 6 ਵਿਅਕਤੀਆਂ ਨੂੰ ਫਰਜ਼ੀ ਨੌਕਰੀ ਫਰਜ਼ੀਵਾੜੇ ਤਹਿਤ ਦਿੱਤੀ ਜਾ ਚੁੱਕੀ ਹੈ ਜਿਸ ’ਚ ਜ਼ਿਲ੍ਹੇ ਦੇ ਪੁਰਾਣੇ ਸਿਵਲ ਸਰਜਨਾਂ, ਐੱਸ. ਐੱਮ. ਓ, ਅਕਾਊਂਟ ਸ਼ਾਖਾ ਕਰਮਚਾਰੀ, ਖਜ਼ਾਨਾ ਦਫਤਰ ਕਰਮਚਾਰੀ, ਬੈਂਕ ਕਰਮਚਾਰੀ ਤੋਂ ਇਲਾਵਾ ਚੰਡੀਗੜ੍ਹ ਸਥਿਤ ਵੱਡੇ ਅਤੇ ਛੋਟੇ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹਨ। ਇਸ ਫਰਜ਼ੀਵਾੜੇ ’ਚ ਸ਼ਾਮਲ ਵਿਅਕਤੀਆਂ ਨੇ ਸਰਕਾਰ ਨੂੰ ਗੁੰਮਰਾਹ ਕਰਦੇ ਹੋਏ ਉਨ੍ਹਾਂ ਮ੍ਰਿਤਕਾਂ ਨੂੰ ਸਰਕਾਰੀ ਨੌਕਰ ਦੱਸ ਦਿੱਤਾ ਜੋ ਵਿਭਾਗ ’ਚ ਕਦੇ ਤਾਇਨਾਤ ਹੀ ਨਹੀਂ ਸਨ। ਇੰਨਾ ਹੀ ਨਹੀਂ ਇਕ ਪਾਸੇ ਸਰਕਾਰ ਨੂੰ ਇਹ ਸੂਚਨਾ ਦਿੱਤੀ ਜਾ ਰਹੀ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ ਕਿਸੇ ਸਰਕਾਰੀ ਕਰਮਚਾਰੀ ਦੀ ਮੌਤ ਨਹੀਂ ਹੋਈ ਅਤੇ ਇਕ ਪਾਸੇ ਸਰਕਾਰ ਨੂੰ ਚੂਨਾ ਲਗਾਉਂਦੇ ਹੋਏ 6 ਵਿਅਕਤੀਆਂ ਨੂੰ ਸਰਕਾਰੀ ਨੌਕਰੀ ’ਤੇ 10 ਲੱਖ ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਵਸੂਲਦੇ ਹੋਏ ਨੌਕਰੀ ’ਤੇ ਰੱਖ ਲਿਆ ਗਿਆ।

ਜਾਂਚ ਮੁਕੰਮਲ ਹੋਣ ’ਤੇ ਹਾਈਕਮਾਂਡ ਨੂੰ ਰਿਪੋਰਟ ਦਿੱਤੀ ਜਾਵੇਗੀ : ਸਿਵਲ ਸਰਜਨ
ਇਸ ਸਬੰਧੀ ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਡਾਇਰੈਕਟਰ ਹੈਲਥ ਦੇ ਹੁਕਮਾਂ ਤਹਿਤ ਤਿੰਨ ਮੈਂਬਰੀ ਬੋਰਡ ਵਲੋਂ ਜਾਂਚ ਜਾਰੀ ਹੈ ਅਤੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਹਾਈਕਮਾਂਡ ਨੂੰ ਰਿਪੋਰਟ ਦਿੱਤੀ ਜਾਵੇਗੀ। ਜਿਸ ਤਹਿਤ ਇਸ ਸਬੰਧੀ ਕੁੱਝ ਵੀ ਕਹਿਣਾ ਠੀਕ ਨਹੀਂ ਹੋਵੇਗਾ।

Bharat Thapa

This news is Content Editor Bharat Thapa