ਰਾਹੁਲ ਦੀ ਰੈਲੀ ''ਚ ਹਿੱਸਾ ਲੈਣ ਜਾ ਰਹੇ ਕਾਂਗਰਸੀਆਂ ਨੇ ਟੋਲ ਪਲਾਜ਼ਾ ''ਤੇ ਕੀਤੀ ਭੰਨਤੋੜ

03/08/2019 3:31:27 PM

ਤਰਨਤਾਰਨ (ਰਮਨ ਚਾਵਲਾ, ਮਿਲਾਪ) - ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਦੇ ਰਸਤੇ 'ਚ ਆਉਂਦੇ ਪਿੰਡ ਉਸਮਾਂ ਵਿਖੇ ਬਣੇ ਟੋਲ ਪਲਾਜ਼ਾ 'ਤੇ ਕੁੱਝ ਕਾਂਗਰਸੀਆਂ ਵੱਲੋਂ ਰਾਹੁਲ ਗਾਂਧੀ ਦੀ ਰੈਲੀ 'ਚ ਹਿੱਸਾ ਲੈਣ ਜਾਣ ਸਮੇਂ ਪਰਚੀ ਨਾ ਕਟਵਾਉਣ ਦੌਰਾਨ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ। ਇਸ ਦੌਰਾਨ ਜਿੱਥੇ ਕਥਿਤ ਕਾਂਗਰਸੀ ਵਰਕਰਾਂ ਵੱਲੋਂ ਟੋਲ ਪਲਾਜ਼ਾ ਦੀ ਹਥਿਆਰਾਂ ਨਾਲ ਭੰਨਤੋੜ ਕੀਤੀ ਗਈ ਉਥੇ ਕੁਝ ਕਰਮਚਾਰੀਆਂ ਨੂੰ ਸ਼ਰੇਆਮ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਜ਼ਖਮੀ ਵੀ ਕੀਤਾ ਗਿਆ। ਪੁਲਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਤੋਂ ਬਾਅਦ ਦੋਸ਼ੀ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤੇ ਜਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮੋਗਾ ਵਿਖੇ ਅੱਜ ਕਾਂਗਰਸ ਪਾਰਟੀ ਦੀ ਇਕ ਵਿਸ਼ਾਲ ਰੈਲੀ ਰੱਖੀ ਗਈ, ਜਿਸ 'ਚ ਵੱਖ-ਵੱਖ ਜ਼ਿਲ਼ਿਆਂ ਤੋਂ ਕਾਂਗਰਸ ਪਾਰਟੀ ਦੇ ਵਰਕਰ ਜਥੇ ਦੇ ਰੂਪ 'ਚ ਰਵਾਨਾ ਹੋਏ। ਜਦੋਂ ਇਨ੍ਹਾਂ 'ਚੋਂ ਕੁੱਝ ਕਾਂਗਰਸੀ ਵਰਕਰਾਂ ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ ਉਸਮਾਂ ਦੇ ਟੋਲ ਪਲਾਜ਼ਾ ਵਿਖੇ ਪੁੱਜੇ ਤਾਂ ਕੁੱਝ ਨੌਜਵਾਨ ਕਾਂਗਰਸੀ ਨੇਤਾਵਾਂ ਤੋਂ ਇਲਾਵਾ ਇਕ ਵਿਅਕਤੀ ਜੋ ਆਪਣੇ ਆਪ ਨੂੰ ਕਾਂਗਰਸ ਦਾ ਚੇਅਰਮੈਨ ਦੱਸ ਰਿਹਾ ਸੀ ਵੱਲੋਂ ਟੋਲ ਪਲਾਜ਼ਾ ਦੀ ਬਣਦੀ ਫੀਸ ਦੇਣ ਤੋਂ ਇਨਕਾਰ ਕੀਤਾ ਗਿਆ। ਇਸ ਦੌਰਾਨ ਟੋਲ ਕਰਮਚਾਰੀ ਗੁਰਜੰਟ ਸਿੰਘ ਵੱਲੋਂ ਪਰਚੀ ਕਟਵਾਉਣ ਲਈ ਅਪੀਲ ਕੀਤੀ ਗਈ ਪਰੰਤੂ ਨੇਤਾ ਆਪਣੀ ਜਿਦ 'ਤੇ ਅੜੇ ਰਹੇ, ਜਿਸ ਤੋਂ ਬਾਅਦ ਕੁਝ ਕਾਂਗਰਸੀ ਵਿਅਕਤੀਆਂ ਵੱਲੋਂ ਕਰਮਚਾਰੀ ਨੂੰ ਗਾਲੀ ਗਲੋਚ ਕੀਤੇ ਜਾਣ ਤੋਂ ਬਾਅਦ ਦੋਵਾਂ ਧਿਰਾਂ 'ਚ ਤਕਰਾਰ ਵੱਧ ਗਿਆ। ਇਸ ਤੋਂ ਬਾਅਦ ਕਰੀਬ 20-25 ਨੌਜਵਾਨਾਂ ਵੱਲੋਂ ਟੋਲ ਪਲਾਜ਼ਾ ਦੇ ਬੂਥਾਂ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਗਈ ਅਤੇ ਕੁਝ ਵੱਲੋਂ ਦਾਤਰਾਂ ਅਤੇ ਬੇਸਬਾਲਾਂ ਦੀ ਮਦਦ ਨਾਲ ਗੁਰਜੰਟ ਸਿੰਘ ਨੂੰ ਜ਼ਖਮੀ ਕਰ ਦਿੱਤਾ ਗਿਆ। ਪਰਚੀ ਕਟਵਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਟੋਲ ਪਲਾਜ਼ਾ ਵਿਖੇ ਲੱਗੇ ਕੰਪਿਉੂਟਰਾਂ, ਕਾਊਂਟਰਾਂ, ਸ਼ੀਸ਼ੇ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ, ਜਿਸ ਦੀ ਸਾਰੀ ਰਿਕਾਰਡਿੰਗ ਸੀ.ਸੀ.ਟੀ.ਵੀ. ਕੈਮਰਿਆਂ 'ਚ ਦਰਜ ਹੋ ਗਈ ਹੈ। ਇਸ ਸਬੰਧੀ ਟੋਲ ਪਲਾਜ਼ਾ ਦੇ ਮੈਨੇਜਰ ਵੱਲੋਂ ਥਾਣਾ ਸਰਹਾਲੀ ਦੀ ਪੁਲਸ ਨੂੰ ਦਰਖਾਸਤ ਦੇ ਦਿੱਤੀ ਗਈ ਹੈ। ਇਸ ਸਬੰਧੀ ਥਾਣਾ ਸਰਹਾਲੀ ਕਲਾਂ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Baljeet Kaur

This news is Content Editor Baljeet Kaur