ਤਰਨਤਾਰਨ ''ਚ ਦੇਰ ਸ਼ਾਮ ਚੱਲੀਆਂ ਕਿਰਪਾਨਾਂ, 5 ਨੌਜਵਾਨ ਜ਼ਖਮੀ

11/30/2018 9:45:06 AM

ਝਬਾਲ/ਬੀੜ ਸਾਹਿਬ(ਲਾਲੂਘੁੰਮਣ, ਬਖਤਾਵਰ)— ਪੁਰਾਣੀ ਰੰਜਿਸ਼ ਦੇ ਚੱਲਦਿਆਂ ਬੀਤੀ ਰਾਤ ਨੌਜਵਾਨਾਂ ਦੀਆਂ ਦੋ ਧਿਰਾਂ ਵਿਚਾਲੇ ਹੋਈ ਖ਼ੂਨੀ ਝੜਪ 'ਚ 5 ਨੌਜਵਾਨਾਂ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਸਥਾਨਕ ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। ਥਾਣਾ ਝਬਾਲ ਦੀ ਪੁਲਸ ਦਾ ਦਾਅਵਾ ਹੈ ਕਿ ਇਸ ਮਾਮਲੇ 'ਚ ਦੋਹਾਂ ਧਿਰਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ, ਜਿਸ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਰਕਾਰੀ ਹਸਪਤਾਲ ਝਬਾਲ ਵਿਖੇ ਜ਼ੇਰੇ ਇਲਾਜ ਮਨਿੰਦਰਪਾਲ ਸਿੰਘ, ਸੰਦੀਪ ਸਿੰਘ ਝਬਾਲ ਅਤੇ ਹਰਿੰਦਰ ਸਿੰਘ ਵਾਸੀ ਝਬਾਲ ਸਬੰਧੀ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਉਰਫ ਜੀਤਾ, ਮਨਪ੍ਰੀਤ ਸਿੰਘ, ਮਨਬੀਰ ਸਿੰਘ, ਕੁਲਵਿੰਦਰ ਸਿੰਘ, ਮਨਜਿੰਦਰ ਸਿੰਘ ਅਤੇ ਗੁਰਪਾਲ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਉਕਤ ਨੌਜਵਾਨ ਕਿਸੇ ਕੰਮ ਲਈ ਜਾ ਰਹੇ ਸਨ। ਇਸ ਦੌਰਾਨ ਹਰਸਿਮਰਨ ਸਿੰਘ ਉਰਫ ਸੰਨੀ, ਗੁਰਕੀਰਤਨ ਸਿੰਘ, ਲਵਪ੍ਰੀਤ ਸਿੰਘ ਲਵਲੀ, ਸੋਨੂੰ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਕਿਰਪਾਨਾਂ ਅਤੇ ਦਾਤਰ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਬਾਅਦ ਵਿਚ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਉਕਤ ਲੋਕ ਪੁਰਾਣੀ ਰੰਜਿਸ਼ ਰੱਖਦੇ ਹਨ ਅਤੇ ਕੁਝ ਦਿਨ ਪਹਿਲਾਂ ਵੀ ਇਨ੍ਹਾਂ ਦੋਹਾਂ ਧਿਰਾਂ ਵਿਚਾਲੇ ਝਗੜਾ ਹੋਇਆ ਸੀ ਜੋ ਅਜੇ ਸ਼ਾਂਤ ਨਹੀਂ ਹੋਇਆ ਕਿ ਇਨ੍ਹਾਂ ਵੱਲੋਂ ਮੁੜ ਉਨ੍ਹਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇੱਥੇ ਦੱਸਣਯੋਗ ਹੈ ਕਿ ਇਸ ਝੜਪ ਦੌਰਾਨ ਗੁਰਕੀਰਤਨ ਸਿੰਘ ਅਤੇ ਹਰਸਿਮਰਨ ਸਿੰਘ ਦੇ ਜ਼ਖ਼ਮੀ ਹੋਣ ਦੀ ਵੀ ਖਬਰ ਹੈ, ਜੋ ਸਥਾਨਕ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। ਦੋਹਾਂ ਧਿਰਾਂ 'ਚ ਹੋਈ ਇਹ ਝੜਪ ਕਰੀਬ ਇਕ ਘੰਟਾ ਚੱਲੀ। ਇਸ ਦੌਰਾਨ ਟ੍ਰੈਫਿਕ ਵੀ ਜਾਮ ਹੋ ਗਈ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਕੀ ਕਹਿਣੈ ਤਫਤੀਸ਼ੀ ਅਧਿਕਾਰੀ ਸੁਰਿੰਦਰ ਸਿੰਘ ਸੇਰੋਂ ਦਾ:
ਮਾਮਲੇ ਦੀ ਤਫਤੀਸ਼ ਕਰ ਰਹੇ ਏ.ਐੱਸ.ਆਈ. ਸੁਰਿੰਦਰ ਸਿੰਘ ਸੇਰੋਂ ਦਾ ਕਹਿਣਾ ਹੈ ਕਿ ਬੀਤੇ ਕੱਲ ਦੇਰ ਸ਼ਾਮ ਉਕਤ ਨੌਜਵਾਨਾਂ ਦੇ ਦੋ ਗੁੱਟਾਂ 'ਚ ਹੋਈ ਝੜਪ ਦੇ ਮਾਮਲੇ ਸਬੰਧੀ ਉਨ੍ਹਾਂ ਕੋਲ ਇਕ ਧਿਰ ਮਨਿੰਦਰਪਾਲ ਸਿੰਘ, ਸੰਦੀਪ ਸਿੰਘ, ਹਰਿੰਦਰ ਸਿੰਘ ਅਤੇ ਦੂਜੀ ਧਿਰ ਗੁਰਕੀਰਤਨ ਸਿੰਘ 'ਤੇ ਹਰਸਿਮਰਨ ਸਿੰਘ ਦੇ ਜ਼ਖ਼ਮੀ ਹੋਣ ਸਬੰਧੀ ਸ਼ਿਕਾਇਤਾਂ ਪੁੱਜੀਆਂ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਬਹੁਤ ਹੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਧਿਰ ਕਸੂਰਵਾਰ ਹੈ ਉਸੇ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

cherry

This news is Content Editor cherry