ਬੈਂਕ ਦੇ ਦੋ ਅਧਿਕਾਰੀਆਂ ਸਮੇਤ 4 ਖਿਲਾਫ ਧੋਖਾਦੇਹੀ ਦਾ ਕੇਸ ਦਰਜ

02/08/2020 10:59:00 AM

ਤਰਨਤਾਰਨ (ਰਾਜੂ) : ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਜ਼ਮੀਨ ਦੇ ਜਾਅਲੀ ਕਾਗਜ਼ਾਤ ਬਣਾ ਕੇ ਬੈਂਕ ਤੋਂ 20 ਲੱਖ ਰੁਪਏ ਦਾ ਕਰਜ਼ਾ ਲੈਣ ਦੇ ਮਾਮਲੇ 'ਚ ਬੈਂਕ ਦੇ ਦੋ ਅਧਿਕਾਰੀਆਂ ਸਮੇਤ 4 ਲੋਕਾਂ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਗੁਰਮੀਤ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਖਹਿਰਾ ਹਾਲ ਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਉਸ ਦੀ ਪਿੰਡ ਖਹਿਰਾ ਵਿਖੇ 15 ਏਕੜ ਜ਼ਮੀਨ ਹੈ। ਇਸੇ ਜ਼ਮੀਨ ਦੇ ਜਾਅਲੀ ਕਾਗਜ਼ਾਤ ਤਿਆਰ ਕਰਵਾ ਕੇ ਹਰਜੀਤ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਖਹਿਰਾ ਨੇ ਅਮਰ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਚੰਬਲ ਅਤੇ ਭਾਰਤੀ ਸਟੇਟ ਬੈਂਕ (ਬ੍ਰਾਂਚ ਦਾਣਾ ਮੰਡੀ ਤਰਨਤਾਰਨ) ਦੇ ਫੀਲਡ ਅਫਸਰ ਹਰਪ੍ਰੀਤ ਸਿੰਘ ਅਤੇ ਮੈਨੇਜਰ ਪ੍ਰਮਜੀਤ ਸਿੰਘ ਨਾਲ ਕਥਿਤ ਤੌਰ 'ਤੇ ਮਿਲੀਭੁਗਤ ਕਰ ਕੇ ਇਸ ਜ਼ਮੀਨ ਉੱਪਰ ਬੈਂਕ ਤੋਂ 20 ਲੱਖ ਰੁਪਏ ਦਾ ਕਰਜ਼ਾ ਲੈ ਲਿਆ। ਜਿਸ ਦੀ ਇਨ੍ਹਾਂ ਨੇ ਕੋਈ ਕਿਸ਼ਤ ਅਦਾ ਨਹੀਂ ਕੀਤੀ ਅਤੇ ਵਿਆਜ਼ ਸਮੇਤ ਇਹ ਰਕਮ 26 ਲੱਖ ਬਣ ਗਈ ਹੈ। ਇਸ ਗੱਲ ਦਾ ਪਤਾ ਜਦ ਉਸ ਨੂੰ ਲੱਗਾ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਉਧਰ ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਡੀ. ਐੱਸ. ਪੀ. (ਡੀ) ਵੱਲੋਂ ਕਰਨ ਉਪਰੰਤ ਹਰਪ੍ਰੀਤ ਸਿੰਘ ਫੀਲਡ ਅਫਸਰ ਵਾਸੀ ਅੰਮ੍ਰਿਤਸਰ, ਪਰਮਜੀਤ ਸਿੰਘ ਮੈਨੇਜਰ ਵਾਸੀ ਜ਼ਿਲਾ ਲੁਧਿਆਣਾ, ਹਰਜੀਤ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਖਹਿਰਾ ਅਤੇ ਅਮਰਜੀਤ ਸਿੰਘ ਵਾਸੀ ਚੰਬਲ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Baljeet Kaur

This news is Content Editor Baljeet Kaur