ਭਿਖਾਰੀ ਕਤਲ ਮਾਮਲੇ ''ਚ 3 ਦੋਸ਼ੀਆਂ ਨੂੰ ਅੱਜ ਅਦਾਲਤ ''ਚ ਪੇਸ਼ ਕਰੇਗੀ ਪੇਸ਼ ਕਰੇਗੀ ਪੁਲਸ

12/12/2019 11:14:15 AM

ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਅਧੀਨ ਆਉਂਦੇ ਪਿੰਡ ਬੂਹ ਵਿਖੇ ਬੀਤੇ ਵੀਰਵਾਰ ਦੀ ਰਾਤ ਇਕ ਕੋਲਡ ਡਰਿੰਕ ਹੋਲਸੇਲਰ ਵਲੋਂ ਕਰੋੜ ਰੁਪਏ ਦਾ ਕਲੇਮ ਹਾਸਲ ਕਰਨ ਦੀ ਸਾਜ਼ਿਸ਼ ਰਚਦੇ ਹੋਏ ਆਪਣੀ ਥਾਂ 'ਤੇ ਕਿਸੇ ਬੇਕਸੂਰ ਭਿਖਾਰੀ ਨੂੰ ਕਤਲ ਕਰ ਕੇ ਸਾੜ ਦਿੱਤਾ ਗਿਆ ਸੀ। ਇਸ ਕੇਸ ਨੂੰ 24 ਘੰਟੇ 'ਚ ਸੁਲਝਾਉਂਦੇ ਹੋਏ ਤਿੰਨਾਂ ਮੁਲਜ਼ਮਾਂ ਨੂੰ ਸਬੂਤਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਸੀ। ਇਸ ਕਤਲ ਕੇਸ ਨੂੰ ਸੂਝ-ਬੂਝ ਅਤੇ ਮਿਹਨਤ ਨਾਲ ਸੁਲਝਾਉਣ ਵਾਲੇ ਕੁੱਲ 13 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤਰੱਕੀਆਂ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਉੱਧਰ ਕਤਲ ਕੇਸ 'ਚ ਸ਼ਾਮਲ ਤਿੰਨਾਂ ਮੁਲਜ਼ਮਾਂ ਨੂੰ ਵੀਰਵਾਰ ਮਾਣਯੋਗ ਅਦਾਲਤ 'ਚ ਪੇਸ਼ ਕਰਦੇ ਹੋਏ ਪੁਲਸ ਵਲੋਂ ਹੋਰ ਰਿਮਾਂਡ ਹਾਸਲ ਕਰਨ ਦੀ ਅਰਜ਼ੀ ਦਿੱਤੀ ਜਾ ਰਹੀ ਹੈ, ਜਿਸ ਤਹਿਤ ਅਨੂਪ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਝਬਾਲ ਰੋਡ ਅੰਮ੍ਰਿਤਸਰ, ਭਰਾ ਕਰਨਦੀਪ ਸਿੰਘ ਅਤੇ ਘਰੇਲੂ ਨੌਕਰ ਕਰਨ ਕਾਕਾ ਪੁੱਤਰ ਜੀਵਨ ਸ਼ਰਮਾ ਉਰਫ ਸੰਜੀਵ ਸ਼ਰਮਾ ਦਾ 12 ਦਸੰਬਰ ਤੱਕ ਦਾ ਪੁਲਸ ਰਿਮਾਂਡ ਹਾਸਲ ਕਰਦੇ ਹੋਏ ਜਾਂਚ ਨੂੰ ਅੱਗੇ ਵਧਾਇਆ ਗਿਆ।

ਇਸ ਕਤਲ ਕੇਸ ਨੂੰ ਸੁਲਝਾਉਣ 'ਚ ਕੁੱਲ 13 ਅਧਿਕਾਰੀਆਂ ਅਤੇ ਕਰਮਚਾਰੀਆਂ ਜਿਨ੍ਹਾਂ 'ਚ ਐੱਸ. ਪੀ. (ਆਈ.) ਜਗਜੀਤ ਸਿੰਘ ਵਾਲੀਆ, ਡੀ. ਐੱਸ. ਪੀ. (ਆਈ.) ਸੁਖਨਿੰਦਰ ਸਿੰਘ, ਡੀ. ਐੱਸ. ਪੀ. ਪੱਟੀ ਕੰਵਲਪ੍ਰੀਤ ਸਿੰਘ, ਐੱਸ. ਐੱਚ. ਓ. ਹਰੀਕੇ ਪੱਤਣ ਜਰਨੈਲ ਸਿੰਘ, ਜਾਂਚ ਅਧਿਕਾਰੀ ਸਬ ਇੰਸਪੈਕਟਰ ਪ੍ਰਕਾਸ਼ ਸਿੰਘ, ਐੱਸ. ਐੱਚ. ਓ. ਪੱਟੀ (ਸਿਟੀ) ਵਲੋਂ ਕਾਫੀ ਜ਼ਿਆਦਾ ਮਿਹਨਤ ਕੀਤੀ ਗਈ ਸੀ, ਜਿਸ ਤਹਿਤ ਐੱਸ. ਐੱਸ. ਪੀ. ਧਰੁਵ ਦਹੀਆ ਨੇ ਇਨ੍ਹਾਂ ਸਾਰਿਆਂ ਨੂੰ ਸਰਕਾਰ ਕੋਲੋਂ ਬਹਾਦਰੀ ਦਾ ਸਨਮਾਨ ਦਿਵਾਉਣ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਧਰੁਵ ਦਹੀਆ ਨੇ ਕਿਹਾ ਕਿ ਇਸ ਕੇਸ ਨੂੰ ਸੁਲਝਾਉਣ 'ਚ ਮਿਹਨਤੀ ਟੀਮ ਦੇ ਮੈਂਬਰਾਂ ਨੂੰ ਪੰਜਾਬ ਸਰਕਾਰ ਅਤੇ ਵਿਭਾਗ ਕੋਲੋਂ ਰਿਵਾਰਡ ਦਿਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ 'ਚ ਐੱਸ. ਪੀ. (ਆਈ.), ਡੀ. ਐੱਸ. ਪੀ. (ਆਈ.), ਡੀ. ਐੱਸ. ਪੀ. ਪੱਟੀ, ਐੱਸ. ਐੱਚ. ਓ. ਹਰੀਕੇ ਪੱਤਣ, ਸਬ ਇੰਸਪੈਕਟਰ, ਐੱਸ. ਐੱਚ. ਓ. ਪੱਟੀ (ਸਿਟੀ) ਤੋਂ ਇਲਾਵਾ ਕੁੱਝ ਮੁੱਖ ਸਿਪਾਹੀ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮਿਹਨਤ ਅਤੇ ਈਮਾਨਦਾਰੀ ਨਾਲ ਡਿਊਟੀ ਕਰਨ ਵਾਲਿਆਂ ਨੂੰ ਜ਼ਰੂਰ ਪੁਰਸਕਾਰ ਮਿਲੇਗਾ।

ਇਸ ਦੇ ਨਾਲ ਹੀ ਆਈ.ਜੀ. ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੇ ਕਿਹਾ ਕਿ ਇਕ ਕਤਲ ਕੇਸ ਨੂੰ ਜਲਦ ਸੁਲਝਾਉਣ ਵਾਲੀ ਟੀਮ ਦੀ ਜੇ ਸਿਫਾਰਸ਼ ਐੱਸ. ਐੱਸ. ਪੀ. ਧਰੁਵ ਦਹੀਆ ਕਰਨਗੇ ਤਾਂ ਉਹ ਵਿਭਾਗ ਨੂੰ ਅੱਗੇ ਭੇਜਣ 'ਚ ਕੋਈ ਦੇਰੀ ਨਹੀਂ ਕਰਨਗੇ। ਉਨ੍ਹਾਂ ਐੱਸ. ਐੱਸ. ਪੀ. ਦੇ ਕੰਮਕਾਜ ਦੀ ਚੰਗੀ ਤਾਰੀਫ ਵੀ ਕੀਤੀ।

Baljeet Kaur

This news is Content Editor Baljeet Kaur