3 ਸਾਲਾਂ ਤੋਂ 7 ਖਸਤਾਹਾਲ ਟੈਂਕੀਆਂ ਨੂੰ ਡੇਗਣ ਦਾ ਐਸਟੀਮੇਟ ਹੀ ਨਹੀਂ ਬਣਵਾ ਸਕਿਆ ਨਿਗਮ

05/31/2019 1:26:55 PM

ਜਲੰਧਰ (ਖੁਰਾਣਾ)— ਜਲੰਧਰ ਦੇ ਸਿਵਲ ਹਸਪਤਾਲ ਦੇ ਇਕ ਪਾਸੇ ਸਥਿਤ ਪਾਣੀ ਦੀ ਟੈਂਕੀ ਨੂੰ ਗਲਤ ਤਰੀਕੇ ਨਾਲ ਡੇਗੇ ਜਾਣ ਦੌਰਾਨ ਜੋ ਹਾਦਸਾ ਹੋਇਆ ਉਸ ਨੂੰ ਲੈ ਕੇ ਸ਼ਹਿਰ ਦੇ ਬਾਕੀ ਖੇਤਰਾਂ ਵਿਚ ਸਥਿਤ ਪਾਣੀ ਦੀਆਂ ਟੈਂਕੀਆਂ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਇਸ ਸਮੇਂ ਪਾਣੀ ਦੀਆਂ 7 ਟੈਂਕੀਆਂ ਅਜਿਹੀਆਂ ਹਨ ਜੋ ਖੁਦ ਨਿਗਮ ਵੱਲੋਂ ਸਟ੍ਰੱਕਚਰ ਸਟ੍ਰੈਂਥ ਮਾਮਲੇ ਵਿਚ ਫੇਲ ਕਰਾਰ ਦਿੱਤੀਆਂ ਜਾ ਚੁੱਕੀਆਂ ਹਨ ਤੇ ਨਿਗਮ ਇਨ੍ਹਾਂ ਨੂੰ ਡੇਗਣ ਦੀ ਸਿਫਾਰਿਸ਼ ਵੀ ਕਰ ਚੁੱਕਾ ਹੈ। ਨਿਗਮ ਅਧਿਕਾਰੀਆਂ ਦੀ ਨਾਲਾਇਕੀ ਤੇ ਲਾਪ੍ਰਵਾਹੀ ਦੀ ਹੱਦ ਇਸ ਤੋਂ ਵੱਧ ਹੋਰ ਕੀ ਹੋਵੇਗੀ ਕਿ ਪਿਛਲੇ 3 ਸਾਲ ਤੋਂ ਨਿਗਮ ਇਨ੍ਹਾਂ 7 ਖਸਤਾਹਾਲ ਟੈਂਕੀਆਂ ਨੂੰ ਡੇਗਣ ਦਾ ਐਸਟੀਮੇਟ ਹੀ ਨਹੀਂ ਬਣਾ ਸਕਿਆ।

ਜ਼ਿਕਰਯੋਗ ਹੈ ਕਿ ਅੱਜ ਤੋਂ ਠੀਕ 3 ਸਾਲ ਪਹਿਲਾਂ 9 ਜੂਨ 2016 ਨੂੰ ਦਾਦਾ ਨਗਰ ਕਾਲੋਨੀ ਵਿਚ ਇਕ ਖਸਤਾਹਾਲ ਟੈਂਕੀ ਨੂੰ ਡੇਗਣ ਸਮੇਂ ਹਾਦਸਾ ਹੋ ਗਿਆ ਸੀ। ਜਦੋਂ ਠੇਕੇਦਾਰ ਵਲੋਂ ਡਿੱਚ ਮਸ਼ੀਨ ਚਲਾਏ ਜਾਣ 'ਤੇ ਟੈਂਕੀ ਦਾ ਸਾਰਾ ਢਾਂਚਾ ਨਾਲ ਹੀ ਬਣੇ ਸਾਂਝ ਕੇਂਦਰ ਦੀ ਬਿਲਡਿੰਗ 'ਤੇ ਡਿੱਗ ਪਿਆ ਸੀ ਤੇ ਆਲੇ-ਦੁਆਲੇ ਦੀਆਂ ਬਿਲਡਿੰਗਾਂ ਨੂੰ ਕਾਫੀ ਨੁਕਸਾਨ ਪੁੱਜਾ ਸੀ। ਤਦ ਠੇਕੇਦਾਰ ਹਰਬੰਸ ਲਾਲ 'ਤੇ ਪੁਲਸ ਕੇਸ ਵੀ ਦਰਜ ਹੋਇਆ ਸੀ ਤੇ ਉਸ ਨੇ ਹਾਦਸੇ ਕਾਰਨ ਡਿੱਗੀਆਂ ਬਿਲਡਿੰਗਾਂ ਨੂੰ ਦੁਬਾਰਾ ਬਣਵਾਉਣ ਦਾ ਹਰਜਾਨਾ ਵੀ ਭਰਿਆ ਸੀ।

ਉਸ ਸਮੇਂ ਬਾਕੀ 7 ਟੈਂਕੀਆਂ ਨੂੰ ਡੇਗੇ ਜਾਣ ਦਾ ਟੈਂਡਰ ਵੀ ਲਾਇਆ ਗਿਆ ਸੀ ਪਰ ਟੈਂਕੀ ਨੂੰ ਡੇਗਣ ਦੀ ਪ੍ਰਕਿਰਿਆ ਦੇ ਕਾਰਨ ਉਸ ਕੰਮ ਨੂੰ ਰੋਕ ਦਿੱਤਾ ਗਿਆ ਸੀ। ਤਦ ਫੈਸਲਾ ਲਿਆ ਗਿਆ ਸੀ ਕਿ ਨਵੇਂ ਸਿਰੇ ਤੋਂ ਐਸਟੀਮੇਟ ਬਣਾ ਕੇ ਟੈਂਡਰ ਲਾਏ ਜਾਣ ਤਾਂ ਜੋ ਜਿਸ ਪ੍ਰਕਿਰਿਆ ਨਾਲ ਟੈਂਕੀ ਨੂੰ ਤੋੜਿਆ ਜਾਣਾ ਹੈ ਉਸ ਨੂੰ ਟੈਂਡਰ ਡਾਕੂਮੈਂਟ ਵਿਚ ਸਪੱਸ਼ਟ ਕੀਤਾ ਜਾਵੇ। 3 ਸਾਲਾਂ ਤੋਂ ਨਿਗਮ ਨਵੇਂ ਸਿਰੇ ਤੋਂ ਐਸਟੀਮੇਟ ਬਣਾਉਣਾ ਭੁੱਲੀ ਬੈਠਾ ਹੈ ਜਿਸ ਕਾਰਨ ਸੈਂਕੜੇ ਲੋਕਾਂ ਦੀ ਜਾਨ ਨੂੰ ਹਰ ਦਮ ਖਤਰਾ ਬਣਿਆ ਹੋਇਆ ਹੈ। ਇਨ੍ਹਾਂ ਵਿਚੋਂ ਜੇਕਰ ਇਕ ਵੀ ਟੈਂਕੀ ਆਪਣੇ ਆਪ ਹੀ ਇਧਰ ਉਧਰ ਡਿੱਗ ਗਈ ਤਾਂ ਵੱਡਾ ਜਾਨਲੇਵਾ ਹਾਦਸਾ ਹੋ ਸਕਦਾ ਹੈ।

ਡਿੱਚ ਦੀ ਧਮਕ ਨਾਲ ਹੀ ਹਿੱਲਦੀ ਹੈ ਪ੍ਰਤਾਬ ਬਾਗ ਦੀ ਟੈਂਕੀ
ਵੈਸੇ ਤਾਂ ਲੱਗਭੱਗ ਸਾਰੀਆਂ ਟੈਂਕੀਆਂ ਦੀ ਹਾਲਤ ਖਸਤਾ ਹੈ ਪਰ ਪ੍ਰਤਾਪ ਬਾਗ ਵਿਚ ਲੱਗੀ ਟੈਂਕੀ ਨੂੰ ਲੈ ਕੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਟੈਂਕੀ ਦੇ ਹੇਠਾਂ ਕੂੜੇ ਦਾ ਵਿਸ਼ਾਲ ਡੰਪ ਬਣਿਆ ਹੋਇਆ ਹੈ ਤੇ ਹਰ ਰੋਜ਼ ਨਿਗਮ ਦੀਆਂ ਡਿੱਚ ਮਸ਼ੀਨਾਂ ਤੇ ਹੋਰ ਵੱਡੇ ਵਾਹਨ ਕੂੜਾ ਸੁੱਟਣ ਤੇ ਚੁੱਕਣ ਲਈ ਇਥੇ ਆਉਂਦੇ ਹਨ। ਖਾਸ ਗੱਲ ਇਹ ਹੈ ਕਿ ਸਾਲ ਪਹਿਲਾਂ ਨਿਗਮ ਪ੍ਰਤਾਪ ਬਾਗ ਦੀ ਇਸ ਟੈਂਕੀ ਨੂੰ ਖੁਦ ਡੇਗੇ ਜਾਣ ਦੀ ਸਿਫਾਰਿਸ਼ ਕਰ ਚੁੱਕਾ ਹੈ ਪਰ ਖੁਦ ਹੀ ਇਸ ਦੇ ਡੇਗੇ ਜਾਣ ਦਾ ਐਸਟੀਮੇਟ ਤਿਆਰ ਨਹੀਂ ਕਰ ਰਿਹਾ।

Shyna

This news is Content Editor Shyna