2 ਭੈਣਾਂ ਨਾਲ ਜਬਰ-ਜ਼ਨਾਹ ਮਾਮਲਾ : ਪਿਤਾ ਨੇ ਕੀਤੀ ਖੁਦਕੁਸ਼ੀ

02/01/2020 4:15:46 PM

ਤਲਵੰਡੀ ਸਾਬੋ (ਮਨੀਸ਼) : ਜ਼ਿਲਾ ਬਠਿੰਡਾ ਦੇ ਪਿੰਡ ਭਗਵਾਨਗੜ੍ਹ ਵਿਖੇ ਇਕ ਵਿਅਕਤੀ ਵੱਲੋਂ ਟਰੇਨ ਹੇਠਾਂ ਆ ਕੇ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀਆਂ ਦੋ ਨਾਬਾਲਗ ਧੀਆਂ ਨਾਲ ਪਿੰਡ ਦੇ ਹੀ ਲੋਕਾਂ ਵੱਲੋਂ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ ਗਿਆ ਸੀ, ਜਿਸ ਦੀ ਉਨ੍ਹਾਂ ਵੱਲੋਂ ਥਾਣਾ ਸੰਗਤ ਵਿਚ ਸ਼ਿਕਾਇਤ ਵੀ ਦਿੱਤੀ ਗਈ ਸੀ। ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਦੋਸ਼ੀ ਉਸ ਦੇ ਭਰਾ ਨੂੰ ਡਰਾ ਧਮਕਾ ਰਹੇ ਸਨ ਅਤੇ ਪੁਲਸ ਵੀ ਮਾਮਲੇ ਦੀ ਯੋਗ ਕਾਰਵਾਈ ਨਹੀਂ ਸੀ ਕਰ ਰਹੀ, ਜਿਸ ਕਰਕੇ ਉਹ ਕਾਫੀ ਪ੍ਰੇਸ਼ਾਨ ਹੋ ਗਿਆ ਅਤੇ ਉਸ ਨੇ ਟਰੇਨ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸ ਨੇ ਪੁਲਸ ਤੇ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਸਖਤ ਕਰਵਾਈ ਦੀ ਮੰਗ ਕੀਤੀ ਹੈ। ਉਥੇ ਹੀ ਦੂਜੇ ਪਾਸੇ ਪੁਲਸ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇ-ਬੁਨਿਆਦ ਦੱਸਿਆ ਹੈ ਅਤੇ ਕਿਹਾ ਕਿ ਉਨ੍ਹਾਂ ਵੱਲੋਂ 4 ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਦੋਵੇਂ ਭੈਣਾਂ ਪਿਤਾ ਨਾਲ ਝਗੜਾ ਕਰ ਕੇ ਘਰ ਛੱਡ ਕੇ ਚਲੀਆਂ ਗਈਆਂ ਸਨ। ਇਹ ਘਟਨਾ 26 ਜਨਵਰੀ ਦੀ ਹੈ। ਸਹਾਰਾ ਲੈਣ ਲਈ ਉਹ ਪਿੰਡ ਦੇ ਹੀ ਜਸਵਿੰਦਰ ਸਿੰਘ ਦੇ ਘਰ ਪਹੁੰਚ ਗਈਆਂ। ਜਸਵਿੰਦਰ ਸਿੰਘ ਇਨ੍ਹਾਂ ਦੋਵਾਂ ਭੈਣਾਂ ਨੂੰ ਬੱਸ ਸਟੈਂਡ ਲੈ ਗਿਆ, ਉਥੋਂ ਇਕ ਆਟੋ ਚਾਲਕ ਦਿਆਲ ਸਿੰਘ ਨੂੰ ਬੁਲਾਇਆ। ਮੁਲਜ਼ਮ ਨੇ ਦੋਵਾਂ ਭੈਣਾਂ ਨੂੰ ਝਾਂਸਾ ਦਿੱਤਾ ਕਿ ਉਹ ਉਨ੍ਹਾਂ ਦਾ ਵਿਆਹ ਅੰਮ੍ਰਿਤਪਾਲ ਨਾਲ ਕਰਵਾ ਦੇਵੇਗਾ, ਜਿਨ੍ਹਾਂ ਨੂੰ ਉਹ ਸ਼ੇਰਗੜ੍ਹ ਰੇਲਵੇ ਸਟੇਸ਼ਨ ਲੈ ਗਿਆ। ਉਥੇ ਹੀ ਮੁਲਜ਼ਮ ਨੇ ਫੋਨ 'ਤੇ ਅੰਮ੍ਰਿਤਪਾਲ ਨੂੰ ਬੁਲਾ ਲਿਆ। ਪੀੜਤਾਂ ਅਨੁਸਾਰ ਅੰਮ੍ਰਿਤਪਾਲ ਆਪਣੇ ਪਿਤਾ ਮੰਗਾ ਸਿੰਘ ਨੂੰ ਨਾਲ ਲੈ ਆਇਆ ਅਤੇ ਸਾਰੇ ਗੱਡੀ 'ਚ ਬੈਠ ਕੇ ਉਥੋਂ ਰਵਾਨਾ ਹੋ ਗਏ। ਦੋਵਾਂ ਭੈਣਾਂ ਨੂੰ ਲੈ ਕੇ ਇਹ ਚਾਰੇ ਪਿੰਡ ਤਿਓਣਾ ਪਹੁੰਚੇ। ਪੀੜਤਾਂ ਨੇ ਦੱਸਿਆ ਕਿ ਉਥੇ ਹੀ ਉਨ੍ਹਾਂ ਨਾਲ ਜਸਵਿੰਦਰ ਸਿੰਘ ਅਤੇ ਅੰਮ੍ਰਿਤਪਾਲ ਨੇ ਜਬਰ-ਜ਼ਨਾਹ ਕੀਤਾ ਅਤੇ ਉਨ੍ਹਾਂ ਨੂੰ ਛੱਡ ਕੇ ਫਰਾਰ ਹੋ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮਾਂ ਦੀ ਮਦਦ ਦਿਆਲ ਸਿੰਘ ਅਤੇ ਮੰਗਾ ਸਿੰਘ ਨੇ ਵੀ ਕੀਤੀ। ਇਸ ਸਬੰਧੀ ਥਾਣਾ ਸੰਗਤ ਵਿਚ ਮਾਮਲਾ ਦਰਜ ਕੀਤਾ ਗਿਆ ਸੀ।

cherry

This news is Content Editor cherry