ਪੰਜਾਬ ਦੀ ਤਕਦੀਰ ਨੂੰ ਲਗਾਏ ਜੰਗਾਲ ਦੇ ਤਾਲੇ ਨੂੰ ਖੋਲ੍ਹੇਗੀ ਇਹ ''ਚਾਬੀ'' : ਖਹਿਰਾ

05/03/2019 4:05:59 PM

ਤਲਵੰਡੀ ਸਾਬੋ (ਮਨੀਸ਼) : ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜ ਰਹੇ ਹਰ ਉਮੀਦਵਾਰ ਵੱਲੋਂ ਗਰਮੀ ਦੇ ਬਾਵਜੂਦ ਚੋਣ ਪ੍ਰਚਾਰ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਵਿਖੇ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਅਤੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਜਿੱਥੇ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ 'ਤੇ ਰੱਖਿਆ, ਉਥੇ ਹੀ ਅਕਾਲੀ ਦਲ ਅਤੇ ਕਾਂਗਰਸ 'ਤੇ ਲੋਕਾਂ ਨੂੰ ਲੁੱਟਣ ਦੇ ਦੋਸ਼ ਲਗਾਏ। ਖਹਿਰਾ ਨੇ ਪਾਰਟੀ ਨੂੰ ਚੋਣ ਨਿਸ਼ਾਨ 'ਚਾਬੀ' ਮਿਲਣ 'ਤੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਉਮੀਦਵਾਰ ਚੋਣ ਨਿਸ਼ਾਨ ਚਾਬੀ 'ਤੇ ਚੋਣ ਲੜ ਰਹੇ ਹਨ, ਜਿਸ ਵਿਚ ਬਠਿੰਡਾ ਤੋਂ ਉਹ ਖੁਦ, ਫਰੀਦਕੋਟ ਤੋਂ ਮਾਸਟਰ ਬਲਦੇਵ ਸਿੰਘ ਅਤੇ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਵੱਲੋਂ ਪੰਜਾਬ ਦੀ ਤਕਦੀਰ ਨੂੰ ਲਗਾਏ ਜੰਗਾਲ ਦੇ ਤਾਲੇ ਨੂੰ ਇਹ ਚਾਬੀ ਖੋਲ੍ਹੇਗੀ।

ਉਧਰ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਵਿੱਚੋਂ ਚਾਰ ਜ਼ਿਲਿਆਂ ਦੇ ਪ੍ਰਧਾਨਾਂ ਦੇ ਹੋਰ ਪਾਰਟੀਆਂ ਵਿਚ ਸ਼ਾਮਲ ਹੋਣ ਦੀ ਗੱਲ ਕਰਦੇ ਹੋਏ ਕਿਹਾ ਕਿ ਇਹ ਸਭ ਇਸ ਲਈ ਹੋ ਰਿਹਾ ਹੈ ਕਿ ਕਿਉਂਕਿ ਕੈਜਰੀਵਾਲ ਨੇ ਮਜੀਠੀਆ ਤੋਂ ਨਸ਼ੇ ਦੇ ਮੁੱਦੇ 'ਤੇ ਮੁਆਫੀ ਮੰਗੀ ਸੀ, ਜਿਸ ਕਾਰਨ ਅੱਜ ਸਾਰਾ ਪੰਜਾਬ ਉਨ੍ਹਾਂ ਦੇ ਉਲਟ ਖੜ੍ਹਾ ਹੋਇਆ ਹੈ।

ਇਸ ਦੌਰਾਨ ਕਾਂਗਰਸ ਵੱਲੋਂ ਅਕਾਲੀ ਦਲ ਦਾ ਏਜੰਟ ਕਹੇ ਜਾਣ 'ਤੇ ਖਹਿਰਾ ਨੇ ਕਿਹਾ ਕਿ ਅਕਾਲੀ ਦਲ ਉਨ੍ਹਾਂ ਨੂੰ ਕਾਂਗਰਸ ਦਾ ਏਜੰਟ ਕਹਿੰਦੇ ਹਨ ਤੇ 'ਆਪ' ਵਾਲੇ ਦੋਵਾਂ ਦਾ ਏਜੰਟ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਸਾਰੀਆਂ ਪਾਰਟੀਆਂ ਬੈਠ ਕੇ ਫਾਈਨਲ ਕਰ ਲੈਣ ਮੈਂ ਕਿਸ ਦਾ ਏਜੰਟ ਹਾਂ।

cherry

This news is Content Editor cherry