ਬਾਦਲਾਂ ''ਤੇ ਵਰ੍ਹੇ ਬ੍ਰਹਮਪੁਰਾ ਤੇ ਢੀਂਡਸਾ, ਰੈਲੀ ਦੌਰਾਨ ਕੱਢੀ ਭੜਾਸ

02/21/2020 6:38:14 PM

ਤਰਨ ਤਾਰਨ/ਚੋਹਲਾ ਸਾਹਿਬ, ਨੌਸ਼ਿਹਰਾ ਪੰਨੂੰਆਂ (ਮਨਜੀਤ,ਬਲਦੇਵ,ਬਲਵਿੰਦਰ ਕੌਰ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾਉਣ ਅਤੇ ਸ਼੍ਰੋਮਣੀ ਅਕਾਲੀ ਦਲ 1920 ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਟਕਸਾਲੀ ਦਲ ਵਲੋਂ ਲੋਕ ਨੂੰਬਚਾਓ-ਪੰਜਾਬ ਬਚਾਓ' ਦੇ ਨਾਅਰੇ ਹੇਠ ਪਿੰਡ ਠੱਠੀਆਂ ਮਹੰਤਾਂ ਵਿਖੇ ਅੱਜ ਜ਼ਿਲਾ ਪੱਧਰੀ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸਾਬਕਾ ਮੈਂਬਰ ਪਾਰਲੀਮੈਂਟ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਕਾਲੀ ਦਲ ਦੀ ਹੋਈ ਭਾਰੀ ਹਾਰ ਜੋ ਕੇਵਲ ਅਤੇ ਕੇਵਲ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵਲੋਂ ਸੂਬੇ ਵਿਚ ਨਸ਼ਿਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸੋਦਾ ਸਾਧ ਨੂੰ ਸ੍ਰੀ ਅਕਾਲੀ ਤਖਤ ਸਾਹਿਬ ਤੋਂ ਮੁਆਫੀ ਵਰਗੇ ਹੋਰ ਕਈ ਕਾਰਨਾਂ ਕਰਕੇ ਹੋਈ, ਤੋਂ ਬਾਅਦ ਅਸੀਂ ਮਜਬੂਰ ਹੋ ਕੇ ਅਕਾਲੀ ਦਲ ਬਾਦਲ ਤੋਂ ਵੱਖ ਹੋਏ ਹਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਲਈ ਵੱਖਰੀ ਅਕਾਲੀ ਦਲ ਟਕਸਾਲੀ ਬਣਾ ਕੇ ਲੋਕਾਂ ਦਾ ਸਹਿਯੋਗ ਮੰਗਿਆ ਹੈ। 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣ ਲਈ ਅਸੀਂ ਲੋਕਾਂ ਵਿਚ ਜਾ ਰਹੇ ਹਾਂ ਅਤੇ ਅੱਜ ਦੀ ਇਸ ਰੈਲੀ ਵਿਚ ਹਜ਼ਾਰਾਂ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਲੋਕ ਸਾਡੇ ਨਾਲ ਹਨ। ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 1920 ਬਹੁਤ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਇਆ ਸੀ ਪਰ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀਆਂ ਗਲਤ ਨੀਤੀਆਂ ਕਾਰਨ ਇਹ ਲਗਪਗ ਖਤਮ ਹੋ ਚੁੱਕਾ ਹੈ। ਉਨ੍ਹਾਂ ਅਗਾਮੀਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਅਤੇ ਅਕਾਲੀ ਦਲ ਬਾਦਲ ਨੂੰ ਛੱਡ ਕੇ ਹਰ ਹਮਖਿਆਲੀ ਪਾਰਟੀ ਨਾਲ ਹੱਥ ਮਿਲਾਉਣ ਦੀ ਹਾਮੀਂ ਭਰੀ ਹੈ। ਬ੍ਰਹਮਪੁਰਾ ਨੇ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਚੋਣਾਂ ਦੌਰਾਨ ਝੂਠੇ ਵਾਅਦੇ ਕਰਕੇ ਕਾਂਗਰਸ ਦੀ ਸਰਕਾਰ ਤਾਂ ਬਣ ਗਈ ਪਰ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਕੈਪਟਨ ਨੇ ਹੱਥ ਵਿਚ ਗੁਟਕਾ ਸਾਹਿਬ ਲੈ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਸਹੁੰ ਚੁੱਕੀ ਸੀ ਪਰ ਪੰਜਾਬ ਵਿਚ ਨਸ਼ਾ ਪਹਿਲਾਂ ਨਾਲੋਂ ਜ਼ਿਆਦਾ ਹੋ ਚੁੱਕਾ ਹੈ। 

ਰੈਲੀ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਜੇਕਰ ਅਸੀਂ ਬਾਦਲਾਂ ਦੀ ਹਾਂ ਵਿਚ ਹਾਂ ਮਿਲਾਉਂਦੇ ਰਹਿੰਦੇ ਤਾਂ ਅਸੀਂ ਅਕਾਲੀ ਸਾਂ ਅਤੇ ਜੇਕਰ ਅਸੀਂ ਉਨ੍ਹਾਂ ਦੀ ਨੁਕਤਾਚੀਨੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਅਸੀਂ ਕਾਂਗਰਸ ਦੀ ਬੀ-ਟੀਮ ਹੋ ਗਏ। ਉਨ੍ਹਾਂ ਕਿਹਾ ਕਿ ਉਹ ਬਾਦਲ ਪਰਿਵਾਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਵਾਉਣ ਲਈ ਕੰਮ ਕਰ ਰਹੇ ਹਨ ਅਤੇ ਓਨਾ ਚਿਰ ਆਰਾਮ ਨਾਲ ਨਹੀਂ ਬੈਠਾਂਗੇ ਜਦ ਤੱਕ 1920 ਵਾਲਾ ਅਕਾਲੀ ਦਲ ਕਾਇਮ ਨਹੀਂ ਕਰ ਲੈਂਦੇ। ਸਾਬਕਾ ਸਪੀਕਰ ਵਿਧਾਨ ਸਭਾ ਅਤੇ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਬਹੁਤ ਹੰਕਾਰੀ ਹੋ ਗਿਆ ਹੈ ਪਰ ਉਹ ਇਹ ਨਹੀਂ ਜਾਣਦਾ ਕਿ ਲੋਕਾਂ ਦੇ ਸੈਲਾਬ ਅੱਗੇ ਸਭ ਕੁਝ ਢਹਿ ਢੇਰੀ ਹੋ ਜਾਂਦਾ ਹੈ।

Gurminder Singh

This news is Content Editor Gurminder Singh