ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਅਸਥਾਈ ਥੜ੍ਹਿਆਂ ਦੀ ਬਹੁ ਕਰੋੜੀ ਨੀਲਾਮੀ ਅੱਜ

12/10/2017 6:31:10 PM

ਸ੍ਰੀ ਆਨੰਦਪੁਰ ਸਾਹਿਬ (ਰਾਕੇਸ਼)— ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਅਸਥਾਈ ਥੜ੍ਹਿਆਂ ਦੀ ਬਹੁ ਕਰੋੜੀ ਨੀਲਾਮੀ ਐਤਵਾਰ ਦੁਪਹਿਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ 'ਚ ਹੋਣ ਜਾ ਰਹੀ ਹੈ। ਕੇਸਗੜ੍ਹ ਸਾਹਿਬ ਦੇ ਅਧਿਕਾਰੀਆਂ ਮੁਤਾਬਕ ਜੋ ਨੀਲਾਮੀ ਸਾਲ 2010 'ਚ ਇਕ ਕਰੋੜ ਤੋਂ ਵੀ ਘੱਟ ਹੁੰਦੀ ਸੀ, ਉਹ ਇਨ੍ਹਾਂ 6 ਸਾਲਾਂ 'ਚ ਚਾਰ ਕਰੋੜ ਰੁਪਏ ਤੱਕ ਜਾ ਪਹੁੰਚੀ ਹੈ। ਇਸ ਵਾਰ ਇਹ ਨੀਲਾਮੀ 5 ਕਰੋੜ ਤੱਕ ਪਹੁੰਚਣ ਦੀ ਉਮੀਦ ਹੈ।

ਉਥੇ ਹੀ ਅਸਥਾਈ ਥੜ੍ਹਿਆਂ 'ਤੇ ਦੁਕਾਨਾਂ ਲਗਾਉਣ ਵਾਲੇ ਦੁਕਾਨਦਾਰਾਂ ਦੇ ਦਿਲਾਂ 'ਚ ਨੀਲਾਮੀ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਜਿੰਨੀ ਮਹਿੰਗੀ ਨੀਲਾਮੀ 'ਚ ਬੋਲੀਆਂ ਲੱਗਦੀਆਂ ਹਨ, ਉਸ ਨਾਲ ਸਿੱਧਾ ਬੋਝ ਦੁਕਾਨਦਾਰਾਂ ਦੀ ਜੇਬ 'ਤੇ ਪੈਂਦਾ ਹੈ। ਇਸ ਨਾਲ ਆਸਥਾ ਨਾਲ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂ ਨੂੰ ਅਪ੍ਰੱਤਖ ਰੂਪ ਨਾਲ ਇਸ ਮਹਿੰਗੀ ਨੀਲਾਮੀ ਨਾਲ ਪ੍ਰਭਾਵਿਤ ਹੁੰਦੇ ਹਨ। 


ਜ਼ਿਕਰਯੋਗ ਹੈ ਕਿ ਸ੍ਰੀ ਆਨੰਦਪੁਰ ਸਾਹਿਬ 'ਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ 500 ਸਾਲਾਂ ਦੇ ਗੌਰਵਮਈ ਵਿਰਸੇ ਨੂੰ ਸਿਰਜਣ ਵਾਲੇ ਵਿਸ਼ਵ ਦੇ 8ਵੇਂ ਅਜੂਬੇ ਦੇ ਰੂਪ 'ਚ ਜਾਣੇ ਜਾਂਦੇ ਵਿਰਾਸਤ-ਏ-ਖਾਲਸਾ ਦਾ ਉਦਘਾਟਨ ਹੋਇਆ ਹੈ, ਉਦੋਂ ਤੋਂ ਲਗਾਤਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਕੀਤੀਆਂ ਜਾਣ ਵਾਲੀਆਂ ਅਸਥਾਈ ਥੜ੍ਹਿਆਂ ਦੀਆਂ ਨੀਲਾਮੀਆਂ 'ਚ ਕਈ ਗੁਣਾ ਵਾਧਾ ਹੋਇਆ ਹੈ।

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਨੇ ਕੈਮਰੇ ਦੇ ਸਾਹਮਣੇ ਨਾ ਆਉਂਦੇ ਹੋਏ ਦੱਸਿਆ ਕਿ ਐਤਵਾਰ ਨੂੰ ਅਸਥਾਈ ਥੜ੍ਹਿਆਂ ਦੀ ਨੀਲਾਮੀ ਰੱਖੀ ਗਈ ਹੈ। ਹਾਲਾਂਕਿ ਪਿਛਲੇ ਸਾਲ ਇਹ ਨੀਲਾਮੀ ਦੋ ਵਾਰ ਰੱਦ ਕਰਨੀ ਪਈ ਸੀ ਅਤੇ ਤੀਜੀ ਵਾਰ ਸਿਰੇ ਚੜ੍ਹ ਪਾਈ ਸੀ ਪਰ ਇਸ ਵਾਰ ਐੱਸ. ਜੀ. ਪੀ. ਸੀ. ਦੀ ਕੋਸ਼ਿਸ਼ ਰਹੇਗੀ ਕਿ ਨੀਲਾਮੀ ਪਹਿਲੀ ਵਾਰ 'ਚ ਹੀ ਮੁਕੰਮਲ ਹੋ ਜਾਵੇ।