ਡੀ. ਸੀ. ਨੇ ਡਾਕਟਰ ਦੀ ਸਲਿੱਪ ਤੋਂ ਬਿਨਾਂ ਸਰਿੰਜਾਂ ਵੇਚਣ ''ਤੇ ਲਗਾਈ ਪਾਬੰਦੀ

07/10/2018 1:17:59 PM

ਕਪੂਰਥਲਾ (ਗੁਰਵਿੰਦਰ ਕੌਰ)— ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਕਪੂਰਥਲਾ ਦੀ ਹਦੂਦ ਅੰਦਰ ਡਾਕਟਰ ਦੀ ਸਲਿੱਪ ਤੋਂ ਬਿਨਾਂ ਕਿਸੇ ਵੀ ਕੈਮਿਸਟ (ਮੈਡੀਕਲ ਸਟੋਰ) ਤੋਂ ਸਰਿੰਜਾਂ ਖਰੀਦਣ ਤੇ ਵੇਚਣ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਜਾਣਕਾਰੀ ਪ੍ਰੈੱਸ ਨੂੰ ਦਿੰਦਿਆ ਡੀ. ਸੀ. ਮੁਹੰਮਦ ਤਇਅਬ ਨੇ ਦਸਿਆ ਕਿ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਕਿ ਨਸ਼ੀਲੇ ਟੀਕਿਆਂ ਦਾ ਸੇਵਨ ਕਰਨ ਲਈ, ਨਸ਼ਾ ਕਰਨ ਵਾਲਿਆਂ ਵੱਲੋਂ ਸਰਿੰਜਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਖੁੱਲ੍ਹੇਆਮ ਕੈਮਿਸਟਾਂ (ਮੈਡੀਕਲ ਸਟੋਰਾਂ) 'ਤੇ ਵਿਕ ਰਹੀਆਂ ਹਨ। ਇਸ ਦੀ ਵਰਤੋਂ ਮਨੁੱਖੀ ਜੀਵਨ, ਸਿਹਤ ਅਤੇ ਸੁਰੱਖਿਆ ਲਈ ਹਾਨੀਕਾਰਕ ਹੈ। ਇਸ ਨਾਲ ਅਮਨ ਅਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਵੀ ਅੰਦੇਸ਼ਾ ਹੁੰਦਾ ਹੈ, ਇਸ ਨੂੰ ਰੋਕਣ ਲਈ ਉਪਰਾਲੇ ਕੀਤੇ ਜਾਣੇ ਜ਼ਰੂਰੀ ਹਨ। ਉਨ੍ਹਾਂ ਨੇ ਦਸਿਆ ਕਿ ਪਾਬੰਦੀ ਦੇ ਇਹ ਹੁਕਮ ਮਿਤੀ 7 ਸਤੰਬਰ 2018 ਤੱਕ ਲਾਗੂ ਰਹਿਣਗੇ।