ਜ਼ਿਲਾ ਸੰਗਰੂਰ ਖੁੱਲ੍ਹੇ ''ਚ ਸ਼ੌਚ ਮੁਕਤ ਹੋਣ ਵਾਲਾ 12ਵਾਂ ਜ਼ਿਲਾ ਬਣਿਆ

11/16/2017 1:04:50 PM

ਸੰਗਰੂਰ (ਬੇਦੀ, ਰੂਪਕ, ਵਿਵੇਕ ਸਿੰਧਵਾਨੀ, ਯਾਦਵਿੰਦਰ)- ਪੰਜਾਬ ਸਰਕਾਰ ਵੱਲੋਂ ਰਾਜ ਦੇ ਸਾਰੇ ਜ਼ਿਲਿਆਂ ਦੇ ਦਿਹਾਤੀ ਇਲਾਕਿਆਂ ਨੂੰ ਖੁੱਲ੍ਹੇ 'ਚ ਸ਼ੌਚ ਮੁਕਤ ਕਰਨ ਦੀ ਚਲਾਈ ਮੁਹਿੰਮ ਤਹਿਤ ਜ਼ਿਲਾ ਸੰਗਰੂਰ ਦੇ 100 ਫੀਸਦੀ ਪਿੰਡ ਖੁੱਲ੍ਹੇ 'ਚ ਸ਼ੌਚ ਮੁਕਤ ਘੋਸ਼ਿਤ ਕਰ ਦਿੱਤੇ ਗਏ ਹਨ। ਇਸ ਮੁਹਿੰਮ ਤਹਿਤ ਸਫ਼ਲਤਾ ਹਾਸਲ ਕਰਨ ਵਾਲਾ ਸੰਗਰੂਰ ਜ਼ਿਲਾ ਸੂਬੇ ਦਾ 12ਵਾਂ ਜ਼ਿਲਾ ਬਣ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਅਮਰਪ੍ਰਤਾਪ ਸਿੰਘ ਵਿਰਕ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲਗਾਤਾਰ ਇਸ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਇਸ ਕਾਰਜ ਲਈ ਜੁਟੀਆਂ ਵੱਖ-ਵੱਖ ਟੀਮਾਂ ਦੀ ਪ੍ਰੇਰਨਾ ਸਦਕਾ ਪਿੰਡਾਂ ਦੇ ਲੋਕਾਂ ਨੇ ਮੁਹਿੰਮ ਪ੍ਰਤੀ ਸਾਕਾਰਾਤਮਕ ਹੁੰਗਾਰਾ ਦਿੱਤਾ। 
ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਤੇ ਦਿਹਾਤੀ ਜਲ ਸਪਲਾਈ ਯੋਜਨਾਵਾਂ ਨੂੰ ਜ਼ਿਲਾ ਸੰਗਰੂਰ ਵਿਚ ਸਫ਼ਲਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਸਾਫ਼ ਸਫ਼ਾਈ ਤੇ ਚੌਗਿਰਦੇ ਦੀ ਸਾਂਭ ਸੰਭਾਲ ਵਿਚ ਬਣਦਾ ਯੋਗਦਾਨ ਪਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ ਦੇ ਲੋਕਾਂ ਨੂੰ ਘਰਾਂ ਵਿਚ ਪਖਾਨਿਆਂ ਦੀ ਸੁਵਿਧਾ ਮੁਹੱਈਆ ਕਰਵਾਉਣ ਦੇ ਟੀਚੇ ਨਾਲ ਸਰਕਾਰ ਵੱਲੋਂ ਪ੍ਰਤੀ ਪਖ਼ਾਨੇ ਦੀ ਉਸਾਰੀ ਲਈ 15 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ ਤਾਂ ਜੋ ਲੋਕ ਖੁਦ ਆਪਣੀ ਲੋੜ ਅਤੇ ਸੁਵਿਧਾ ਮੁਤਾਬਕ ਪਖਾਨਿਆਂ ਦੀ ਉਸਾਰੀ ਕਰਵਾ ਸਕਣ। ਵਿਭਾਗੀ ਟੀਮਾਂ ਅਤੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ, ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀਆਂ ਨੂੰ ਪੜਾਅਵਾਰ ਰਾਸ਼ੀ ਜਾਰੀ ਕੀਤੀ ਗਈ ਹੈ।