ਫੱਤਣਵਾਲਾ ''ਚ ਸਵੱਛ ਭਾਰਤ ਮੁਹਿੰਮ ਨੂੰ ਲੱਗਾ ਗ੍ਰਹਿਣ

03/18/2018 8:39:56 AM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਭਾਵੇਂ ਕੇਂਦਰ ਅਤੇ ਪੰਜਾਬ ਸਰਕਾਰ ਨੇ ਸਵੱਛ ਭਾਰਤ ਮੁਹਿੰਮ ਤਹਿਤ ਕੈਂਪ ਅਤੇ ਸੈਮੀਨਾਰ ਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਪਰ ਪਿੰਡ ਫੱਤਣਵਾਲਾ ਵਿਚ ਸਵੱਛ ਭਾਰਤ ਮੁਹਿੰਮ ਨੂੰ ਗ੍ਰਹਿਣ ਲੱਗਾ ਜਾਪਦਾ ਹੈ ਕਿਉਂਕਿ ਪਿੰਡ 'ਚ ਸਫ਼ਾਈ ਕਿਧਰੇ ਨਜ਼ਰ ਨਹੀਂ ਆ ਰਹੀ। ਜ਼ਿਕਰਯੋਗ ਹੈ ਕਿ ਸਿਆਸਤ ਪੱਖੋਂ ਪਿੰਡ ਫੱਤਣਵਾਲਾ ਹਮੇਸ਼ਾ ਹੀ ਹਾਵੀ ਰਿਹਾ ਹੈ। ਸਾਬਕਾ ਮੁੱਖ ਮੰਤਰੀ ਪੰਜਾਬ ਦੇ ਭਰਾ ਗੁਰਦਾਸ ਸਿੰਘ ਬਾਦਲ ਉਕਤ ਪਿੰਡ ਵਿਚ ਵਿਆਹਿਆ ਅਤੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਇਸ ਪਿੰਡ ਵਿਚ ਨਾਨਕੇ ਹਨ। ਸਵ. ਹਰਚੰਦ ਸਿੰਘ ਫੱਤਣਵਾਲਾ ਸ੍ਰੀ ਮੁਕਤਸਰ ਸਾਹਿਬ ਹਲਕੇ ਦੇ ਵਿਧਾਇਕ ਰਹਿ ਚੁੱਕੇ ਹਨ ਤੇ ਹੁਣ ਉਨ੍ਹਾਂ ਦੇ ਬੇਟੇ ਜਗਜੀਤ ਸਿੰਘ ਹਨੀ ਬਰਾੜ ਤੇ ਮਨਜੀਤ ਸਿੰਘ ਬਰਾੜ ਸਰਗਰਮ ਹਨ। ਆਮ ਆਦਮੀ ਪਾਰਟੀ ਦੇ ਸੀਨੀਅਰ ਜਗਦੀਪ ਸਿੰਘ ਬਰਾੜ ਵੀ ਇਸ ਪਿੰਡ ਦੇ ਵਾਸੀ ਹਨ ਅਤੇ ਪਿੰਡ ਦੇ ਕਈ ਹੋਰ ਲੋਕ ਵੀ ਸਿਆਸਤ ਨਾਲ ਜੁੜੇ ਹੋਏ ਹਨ।
ਜਦੋਂ ਅੱਜ ਉਕਤ ਪਿੰਡ ਵਿਚ ਜਾ ਕੇ ਦੇਖਿਆ ਤਾਂ ਸਾਫ਼-ਸਫ਼ਾਈ ਕਿਧਰੇ ਵੀ ਨਜ਼ਰ ਨਹੀਂ ਆ ਰਹੀ ਸੀ। ਇੱਥੋਂ ਤੱਕ ਕਿ ਸਰਕਾਰੀ ਡਿਸਪੈਂਸਰੀ ਨੂੰ ਵੀ ਚਾਰ-ਚੁਫ਼ੇਰਿਓਂ ਰੂੜੀਆਂ ਨੇ ਘੇਰ ਰੱਖਿਆ ਹੈ। ਇਸ ਡਿਸਪੈਂਸਰੀ 'ਚ ਜਾਣ ਲਈ ਜੋ ਮੁੱਖ ਗੇਟ ਹੈ, ਉੱਥੇ ਚਾਰਦੀਵਾਰੀ ਨਹੀਂ ਹੈ ਅਤੇ ਉਸ ਥਾਂ ਰੂੜੀਆਂ ਲੱਗੀਆਂ ਹੋਈਆਂ ਹਨ, ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਇੱਥੋਂ ਲੰਘਣਾ ਬੜਾ ਮੁਸ਼ਕਲ ਹੈ। ਸਿਹਤ ਵਿਭਾਗ ਦੀਆਂ ਮੁਲਾਜ਼ਮਾਂ ਪਿੰਡ ਦੀ ਬਾਵਰੀਆਂ ਸਿੱਖਾਂ ਦੀ ਧਰਮਸ਼ਾਲਾ ਵਿਚ ਟੁੱਟੇ ਜਿਹੇ ਕਮਰੇ ਵਿਚ ਬੈਠੀਆਂ ਸਨ। ਸ਼ਮਸ਼ਾਨਘਾਟ ਨੂੰ ਜੋ ਰਸਤਾ ਜਾਂਦਾ ਹੈ, ਉਹ ਵੀ ਕੱਚਾ ਹੈ।