ਸੁਵਿਧਾ ਕੇਂਦਰ ਮਮਦੋਟ ਨੇ ਜਿਊਂਦੇ ਨੌਜਵਾਨ ਨੂੰ ਜਾਰੀ ਕੀਤਾ ਮੌਤ ਦਾ ਸਰਟੀਫਿਕੇਟ

04/07/2018 5:57:53 PM

ਮਮਦੋਟ (ਜਸਵੰਤ, ਸ਼ਰਮਾ) - ਸੁਵਿਧਾ ਕੇਂਦਰ ਮਮਦੋਟ ਦੇ ਕਰਮਚਾਰੀਆਂ ਦੀ ਲਾਪ੍ਰਵਾਹੀ ਕਾਰਨ ਇਕ ਜ਼ਿੰਦੇ ਨੌਜਵਾਨ ਨੂੰ ਮੌਤ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ, ਜਦਕਿ ਸਰਟੀਫਿਕੇਟ ਲੈਣ ਵਾਲਾ ਨੌਜਵਾਨ ਆਪਣੀ ਮਾਤਾ ਰੱਜੋ ਦਾ ਮੌਤ ਦਾ ਸਰਟੀਫਿਕੇਟ ਜਾਰੀ ਕਰਵਾਉਣ ਲਈ ਸੁਵਿਧਾ ਸੈਂਟਰ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਪੁੱਤਰ ਪੰਜੂ ਸਿੰਘ ਵਾਸੀ ਮਮਦੋਟ ਹਿਠਾੜ੍ਹ (ਸਾਹਨ ਕੇ) ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਉਸ ਦੀ ਮਾਤਾ ਦੀ ਮੌਤ ਹੋ ਚੁੱਕੀ ਸੀ। ਉਸ ਨੇ ਆਪਣੀ ਮਾਤਾ ਰੱਜੋ ਪਤਨੀ ਪੰਜੂ ਸਿੰਘ ਦਾ ਮੌਤ ਦਾ ਸਰਟੀਫਿਕੇਟ ਬਣਵਾਉਣ ਸਬੰਧੀ 24 ਜਨਵਰੀ 2018 ਨੂੰ  ਸੁਵਿਧਾ ਕੇਂਦਰ ਮਮਦੋਟ 'ਚ ਦਰਖਾਸਤ ਦਿੱਤੀ, ਜਿਸ 'ਤੇ ਸੁਵਿਧਾ ਕਰਮਚਾਰੀਆਂ ਨੇ ਉਸ ਦੀ ਮਾਤਾ ਰੱਜੋ ਦੀ ਬਜਾਏ ਉਸ ਦੇ ਨਾਂ 'ਤੇ ਮੌਤ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ, ਜਿਸ ਕਾਰਨ ਉਸ ਨੂੰ ਭਾਰੀ ਮਾਨਸਿਕ ਸੱਟ ਵੱਜੀ ਹੈ। ਪੀੜਤ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਸ ਵੱਲੋਂ ਇਸ ਸਬੰਧੀ ਸ਼ਿਕਾਇਤ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਲਿਖਤੀ ਰੂਪ ਵਿਚ ਕੀਤੀ ਗਈ ਹੈ। 
ਇਸ ਸਬੰਧੀ ਸੁਵਿਧਾ ਕੇਂਦਰ ਮਮਦੋਟ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਵੈੱਬ ਪੋਰਟਲ ਦੀ ਗਲਤੀ ਕਾਰਨ ਹੋਇਆ ਹੈ। ਇਸ ਵਿਚ ਉਨ੍ਹਾਂ ਦੀ ਕੋਈ ਗਲਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਕਤ ਸਰਟੀਫਿਕੇਟ ਵਿਚ ਸੋਧ ਕਰ ਕੇ ਰੱਜੋ (ਮ੍ਰਿਤਕ) ਦੇ ਨਾਂ ਨਵਾਂ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇਗਾ।