ਪਤੀ ਤੋਂ ਪਰੇਸ਼ਾਨ ਪਤਨੀ ਨੇ ਵਿਦੇਸ਼ ਮੰਤਰੀ ਸੁਸ਼ਮਾ ਨੂੰ ਲਗਾਈ ਮਦਦ ਦੀ ਗੁਹਾਰ, ਟਵਿੱਟਰ ''ਤੇ ਲਿਖਿਆ...(ਵੀਡੀਓ)

04/09/2017 7:06:39 PM

ਜਲੰਧਰ/ਕਪੂਰਥਲਾ— ਐੱਨ. ਆਰ. ਆਈ. ਪਤੀ ਤੋਂ ਦੁਖੀ ਕਪੂਰਥਲਾ ਦੀ ਰਹਿਣ ਵਾਲੀ ਚਾਂਦਦੀਪ ਕੌਰ ਨੇ ਨਿਆਂ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਗੁਹਾਰ ਲਗਾਈ ਹੈ। ਚਾਂਦਦੀਪ ਦਾ ਪਤੀ ਇਸ ਸਮੇਂ ਵਿਦੇਸ਼ ''ਚ ਹੈ ਅਤੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਰੱਖਣ ਤੋਂ ਇਨਕਾਰ ਕਰ ਰਹੇ ਹਨ। ਚਾਂਦਦੀਪ ਕੌਰ ਨੂੰ ਅਜੇ ਵਿਦੇਸ਼ ਮੰਤਰਾਲੇ ਵੱਲੋਂ ਕੋਈ ਉੱਤਰ ਨਹੀਂ ਆਇਆ ਹੈ। ਚਾਂਦਦੀਪ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 2 ਜੁਲਾਈ 2015 ਨੂੰ ਜਲੰਧਰ ਦੇ ਰਹਿਣ ਵਾਲੇ ਰਮਨਦੀਪ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਇਕ ਅਗਸਤ ਨੂੰ ਰਮਨਦੀਪ ਸਿੰਘ ਨਿਊਜ਼ੀਲੈਂਡ ਚਲਾ ਗਿਆ। 19 ਦਸੰਬਰ 2015 ਨੂੰ ਰਮਨਦੀਪ ਸਿੰਘ ਭਾਰਤ ਆਇਆ। ਇਸ ਦੌਰਾਨ ਚਾਂਦਦੀਪ ਨੇ ਪਤੀ ਦੇ ਨਾਲ ਜਾਣ ਲਈ ਕਿਹਾ। ਇਹ ਗੱਲ ਸੁਣ ਕੇ ਰਮਨਦੀਪ ਨੇ ਪਤਨੀ ਨੂੰ ਕਿਹਾ, ''ਜੇਕਰ ਤੂੰ ਜਾਣਾ ਚਾਹੁੰਦੀ ਹੈ ਤਾਂ ਆਪਣੇ ਪੇਕੇ ਪਰਿਵਾਰ ਕੋਲੋਂ 25 ਲੱਖ ਰੁਪਏ ਦਾ ਬੰਦੋਬਸਤ ਕਰਵਾ ਦੇ।'' ਇਹ ਗੱਲ ਸੁਣ ਕੇ ਚਾਂਦਦੀਪ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ 13 ਜਨਵਰੀ 2016 ਨੂੰ ਰਮਨਦੀਪ ਇਕੱਲੇ ਦੀ ਨਿਊਜ਼ੀਲੈਂਡ ਚਲਾ ਗਿਆ। ਏਅਰਪੋਰਟ ਤੋਂ ਸੱਸ-ਸਹੁਰੇ ਨੇ ਉਸ ਨੂੰ ਪੇਕੇ ਭੇਜ ਦਿੱਤਾ। ਬਾਅਦ ''ਚ ਪਤੀ ਅਤੇ ਸਹੁਰੇ ਪਰਿਵਾਰ ਨੇ ਉਸ ਤੋਂ ਪੂਰੀ ਤਰ੍ਹਾਂ ਮੂੰਹ ਮੋੜ ਲਿਆ। 
ਚਾਂਦਦੀਪ ਨੇ ਦੱਸਿਆ ਕਿ 2 ਅਗਸਤ 2016 ਨੂੰ ਜਲੰਧਰ ਦੇ ਮਹਿਲਾ ਥਾਣੇ ''ਚ ਪਤੀ ਰਮਨਦੀਪ ਅਤੇ ਉਸ ਦੀ ਮਾਂ ਦੇ ਖਿਲਾਫ ਦਾਜ ਉਤਪੀੜਨ ਦਾ ਕੇਸ ਕਰਵਾਇਆ। 15 ਫਰਵਰੀ 2017 ਨੂੰ ਰਮਨਦੀਪ ਨੂੰ ਜੁਡੀਸ਼ੀਅਲ ਮੈਜਿਸਟਰੇਟ ਨੇ ਭਗੋੜਾ ਐਲਾਨ ਕਰ ਦਿੱਤਾ ਸੀ। ਦੋਸ਼ੀ ਦੇ ਖਿਲਾਫ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਚਾਂਦਦੀਪ ਨੇ ਹੁਣ ਟਵਿੱਟਰ ਦੇ ਜ਼ਰੀਏ ਸੁਸ਼ਮਾ ਸਵਰਾਜ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ।