ਦੋਆਬੇ ਦੀ ਰਾਜਨੀਤੀ ’ਚ ਸੁਸ਼ੀਲ ਰਿੰਕੂ ਦਾ ਕੱਦ ਵਧਿਆ

05/15/2023 12:31:29 PM

ਜਲੰਧਰ (ਧਵਨ) : ਦੋਆਬੇ ’ਚ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਦੁਆਬੇ ’ਚ ਸੁਸ਼ੀਲ ਕੁਮਾਰ ਰਿੰਕੂ ਦਾ ਕੱਦ ਵਧ ਗਿਆ ਹੈ ਅਤੇ ਕੇਜਰੀਵਾਲ ਤੇ ਭਗਵੰਤ ਮਾਨ ਦਾ ਉਨ੍ਹਾਂ ’ਚ ਭਰੋਸਾ ਵੀ ਵਧ ਗਿਆ ਹੈ। ਇਸ ਤੋਂ ਪਹਿਲਾਂ ਜਲੰਧਰ ’ਚ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਕਾਰਨ ਹਾਈਕਮਾਂਡ ਵੀ ਕਾਫੀ ਔਖੀ ਸੀ। ਹੁਣ ਆਮ ਆਦਮੀ ਪਾਰਟੀ ਨੂੰ ਸੁਸ਼ੀਲ ਕੁਮਾਰ ਰਿੰਕੂ ਦੇ ਰੂਪ ’ਚ ਅਨੂਸੁਚਿਤ ਜਾਤੀ ਭਾਈਚਾਰੇ ਦਾ ਆਗੂ ਮਿਲ ਗਿਆ ਹੈ। ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਸਥਿਤੀ ਪਾਰਟੀ ਦੇ ਅੰਦਰ ਹੋਰ ਮਜ਼ਬੂਤ ​​ਹੋ ਗਈ ਹੈ। ਹੁਣ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਵੀ ਦੂਰ ਹਨ, ਇਸ ਲਈ ਪਾਰਟੀ ਨੂੰ ਜਲੰਧਰ ਦੇ ਵਿਕਾਸ ਲਈ ਜਲਦ ਹੀ ਰੋਡਮੈਪ ਤਿਆਰ ਕਰਨਾ ਹੋਵੇਗਾ। ਦੱਸਣਯੋਗ ਹੈ ਕਿ ਜਲੰਧਰ ਸੰਸਦੀ ਸੀਟ ’ਤੇ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਨਵੇਂ ਚੁਣੇ ਗਏ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਪੰਜਾਬ ਦੇ ਸੀ. ਐੱਮ. ਭਗਵੰਤ ਮਾਨ ਦੇ ਨਾਲ ਐਤਵਾਰ ਸਵੇਰੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲੇ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਉਨ੍ਹਾਂ ਦਾ ਆਸ਼ੀਰਵਾਦ ਲਿਆ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਪੰਜਾਬ ਅਤੇ ਉੱਥੋਂ ਦੇ ਲੋਕਾਂ ਦੇ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਸੰਸਦ ’ਚ ਮਜ਼ਬੂਤੀ ਨਾਲ ਉਠਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਅਸ਼ੋਕ ਮਿੱਤਲ ਵੀ ਮੌਜੂਦ ਰਹੇ।

ਇਹ ਵੀ ਪੜ੍ਹੋ : ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵਿਖੇ ਹੋਏ ਜਨਾਨੀ ਦੇ ਕਤਲ ’ਚ ਐੱਸ. ਐੱਸ. ਪੀ. ਦਾ ਸਨਸਨੀਖੇਜ਼ ਖ਼ੁਲਾਸਾ

ਮੀਟਿੰਗ ਤੋਂ ਬਾਅਦ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਮੇਰੇ ਲਈ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਆਸ਼ੀਰਵਾਦ ਹੀ ਕਾਫੀ ਹੈ। ਜਲੰਧਰ ਦੇ ਲੋਕਾਂ ਨੇ ਭਾਰੀ ਜਨ ਸਮਰਥਨ ਦੇ ਕੇ ਸਾਨੂੰ ਜਿਤਾਇਆ ਹੈ। ਇਸ ਦੇ ਲਈ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਹਾਂ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਆਇਆ ਹਾਂ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ’ਚ ਪਿਛਲੇ ਇਕ ਸਾਲ ’ਚ ਜੋ ਕੰਮ ਕੀਤੇ ਹਨ, ਉਨ੍ਹਾਂ ਦੀ ਬਦੌਲਤ ਜਲੰਧਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਆਪਣਾ ਭਰਵਾਂ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਲੋਕ ਸਭਾ ਹਲਕੇ ਅੰਦਰ ਕਈ ਫਲਾਈਓਵਰਾਂ ਦਾ ਕੰਮ ਰੁਕਿਆ ਪਿਆ ਹੈ, ਕਈ ਸੜਕੀ ਪ੍ਰਾਜੈਕਟ ਰੁਕੇ ਪਏ ਹਨ, ਜਲੰਧਰ ਦੇ ਅੰਦਰ ਬੰਦ ਪਏ ਆਦਮਪੁਰ ਹਵਾਈ ਅੱਡੇ ਨੂੰ ਸ਼ੁਰੂ ਕਰਵਾਉਣਾ ਹੈ। ਇਸ ਤੋਂ ਇਲਾਵਾ ਇੰਡਸਟਰੀ ਦੇ ਵੀ ਕਈ ਮੁੱਦੇ ਹਨ। ਇਨ੍ਹਾਂ ਸਾਰੇ ਮੁੱਦਿਆਂ ਨੂੰ ਮੈਂ ਪਾਰਲੀਮੈਂਟ ’ਚ ਜ਼ੋਰਦਾਰ ਢੰਗ ਨਾਲ ਉਠਾਵਾਂਗਾ। ਮੈਂ ਜਲੰਧਰ ਸਮੇਤ ਪੂਰੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸੀ. ਐੱਮ. ਭਗਵੰਤ ਮਾਨ ਨੇ ਜੋ ਵਾਅਦੇ ਕੀਤੇ ਹਨ, ਉਹ ਸਾਰੇ ਪੂਰੇ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਆਪਣਾ ਰੋਡਮੈਪ ਸਿਰਫ਼ 11 ਮਹੀਨਿਆਂ ਦੇ ਬਾਕੀ ਰਹਿੰਦੇ ਕਾਰਜਕਾਲ ਨੂੰ ਲੈ ਕੇ ਨਹੀਂ ਚੱਲ ਰਹੇ ਹਾਂ, ਸਗੋਂ ਉਸ ਤੋਂ ਬਾਅਦ ਅਗਲੇ 5 ਸਾਲਾਂ ਦਾ ਰੋਡਮੈਪ ਲੈ ਕੇ ਚੱਲ ਰਹੇ ਹਾਂ।

ਇਹ ਵੀ ਪੜ੍ਹੋ : ਚੰਗੀ ਸਿੱਖਿਆ ਲਈ ਮਾਤਾਵਾਂ ਦੀ ਹੋਵੇਗੀ ਟ੍ਰੇਨਿੰਗ, ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਵਿਦਿਆਰਥੀਆਂ ’ਤੇ ਫੋਕਸ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha