ਸਾਬਕਾ ਮੇਅਰ ਸੁਰੇਸ਼ ਸਹਿਗਲ ਨੇ ਅਦਾਲਤ 'ਚ ਕੀਤਾ ਆਤਮ ਸਮਰਪਣ

01/16/2019 3:19:44 PM

ਜਲੰਧਰ (ਕਮਲੇਸ਼)— ਨਗਰ ਨਿਗਮ ਦੇ ਇੰਸਪੈਕਟਰ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਵਿਵਾਦਾਂ 'ਚ ਘਿਰੇ ਜਲੰਧਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ ਨੇ ਅਦਾਲਤ 'ਚ  ਆਤਮ ਸਮਰਪਣ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਮਾਨਤ ਦੀ ਅਰਜੀ ਵੀ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਸੁਰੇਸ਼ ਸਹਿਗਲ ਨੇ 28 ਅਕਤੂਬਰ ਨੂੰ ਐਤਵਾਰ ਦੇ ਦਿਨ ਫਗਵਾੜਾ ਗੇਟ ਦੇ ਕੋਲ ਜਾਂਚ ਲਈ ਗਏ ਬਿਲਡਿੰਗ ਇੰਸਪੈਕਟਰ ਦਿਨੇਸ਼ ਜੋਸ਼ੀ ਦੇ ਨਾਲ ਬਹਿਸ ਤੋਂ ਬਾਅਦ ਕੁੱਟਮਾਰ ਕਰ ਦਿੱਤੀ ਸੀ।

ਇਸ ਤੋਂ ਬਾਅਦ ਦਿਨੇਸ਼ ਜੋਸ਼ੀ ਦੇ ਬਿਆਨ 'ਤੇ ਡਿਵੀਜ਼ਨ ਨੰਬਰ-3 ਥਾਣੇ 'ਚ ਸੁਰੇਸ਼ ਸਹਿਗਲ ਖਿਲਾਫ ਕੁੱਟਮਾਰ ਅਤੇ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਦਾ ਕੇਸ ਦਰਜ ਕੀਤਾ ਗਿਆ ਸੀ। 2 ਨਵੰਬਰ ਨੂੰ ਸੈਸ਼ਨ ਕੋਰਟ ਨੇ ਸਹਿਗਲ ਦੀ ਅੰਤਿਰਮ ਜ਼ਮਾਨਤ ਨੂੰ ਰਿਜੈਕਟ ਕਰ ਦਿੱਤਾ ਸੀ। ਇਸ ਤੋਂ ਬਾਅਦ ਸਹਿਗਲ ਅੰਡਰਗਰਾਊਂਡ ਹੋ ਗਏ ਸਨ। 5 ਨਵੰਬਰ ਨੂੰ ਸਹਿਗਲ ਦੇ ਕਰੀਬੀ ਸੁਲਕਸ਼ਣ ਸ਼ਰਮਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ। ਇਸ ਤੋਂ ਬਾਅਦ ਨਗਰ ਨਿਗਮ ਯੂਨੀਅਨਾਂ ਨੇ ਸਾਰਾ ਕੰਮ ਠੱਪ ਕਰ ਦਿੱਤਾ ਸੀ ਅਤੇ ਸੁਰੇਸ਼ ਸਹਿਗਲ ਦੀ ਗ੍ਰਿਫਤਾਰੀ ਤੋਂ ਇਲਾਵਾ ਉਨ੍ਹਾਂ ਨੂੰ ਕੁਝ ਵੀ ਮਨਜ਼ੂਰ ਨਹੀਂ ਸੀ। 6 ਨਵੰਬਰ ਨੂੰ ਸੁਲਕਸ਼ਨ ਦੇ ਭਾਣਜੇ ਸੰਨੀ ਨੂੰ ਵੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ ਪਰ 16 ਨਵੰਬਰ ਨੂੰ ਹਾਈਕੋਰਟ ਨੇ ਸਹਿਗਲ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ ਸੀ ਅਤੇ ਅੱਜ ਸੁਰੇਸ਼ ਸਹਿਗਲ ਨੇ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ।

shivani attri

This news is Content Editor shivani attri