ਕੈਪਟਨ ਨੇ ਸਾਬਕਾ DGP ਸੁਰੇਸ਼ ਅਰੋੜਾ ਨੂੰ ਮੁੱਖ ਸੂਚਨਾ ਕਮਿਸ਼ਨਰ ਕੀਤਾ ਨਿਯੁਕਤ

07/08/2019 10:59:26 PM

ਚੰਡੀਗੜ੍ਹ, (ਅਸ਼ਵਨੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸਾਬਕਾ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਸੂਬੇ ਦਾ ਮੁੱਖ ਸੂਚਨਾ ਕਮਿਸ਼ਨਰ (ਸੀ. ਆਈ. ਸੀ.) ਤੇ ਸੀਨੀਅਰ ਪੱਤਰਕਾਰ ਆਸਿਤ ਜੌਲੀ ਨੂੰ ਸੂਚਨਾ ਕਮਿਸ਼ਨਰ ਵਜੋਂ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਨੋਟੀਫਿਕੇਸ਼ਨ ਸੂਬਾ ਸਰਕਾਰ ਵੱਲੋਂ ਜਾਰੀ ਕੀਤਾ ਜਾ ਚੁੱਕਾ ਹੈ। ਦੱਸਣਯੋਗ ਹੈ ਕਿ 1982 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਸੁਰੇਸ਼ ਅਰੋੜਾ 33 ਵਰ੍ਹਿਆਂ ਦੇ ਸੇਵਾਕਾਲ ਦੌਰਾਨ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦਿਆਂ ਇਸ ਸਾਲ ਫਰਵਰੀ ਵਿਚ ਸੇਵਾਮੁਕਤ ਹੋਏ ਹਨ। ਇਸੇ ਦੌਰਾਨ ਚੰਡੀਗੜ੍ਹ ਦੇ ਸੀਨੀਅਰ ਪੱਤਰਕਾਰ ਆਸਿਤ ਜੌਲੀ ਨੂੰ ਸੂਚਨਾ ਕਮਿਸ਼ਨਰ ਲਾਇਆ ਗਿਆ ਹੈ, ਜੋ ਇਸ ਵੇਲੇ 'ਇੰਡੀਆ ਟੁਡੇ ਗਰੁੱਪ' 'ਚ ਡਿਪਟੀ ਐਡੀਟਰ ਵਜੋਂ ਕੰਮ ਕਰਦੇ ਹਨ। ਇਸ ਤੋਂ ਪਹਿਲਾਂ ਉਹ 'ਦਿ ਏਸ਼ੀਅਨ ਏਜ' ਅਤੇ 'ਬੀ.ਬੀ.ਸੀ.' ਵਿਚ ਸਪੈਸ਼ਲ ਕੋਰਸਪੋਂਡੈਂਟ ਵਜੋਂ ਕੰਮ ਕਰ ਚੁੱਕੇ ਹਨ।