ਵਿਆਹ ਦਾ ਵਾਅਦਾ ਕਰਕੇ ਸੰਬੰਧ ਬਣਾਉਣਾ ਮੰਨਿਆ ਜਾਵੇਗਾ ਜਬਰ-ਜ਼ਨਾਹ : ਸੁਪਰੀਮ ਕੋਰਟ

04/12/2019 12:35:52 PM

ਖੰਨਾ (ਸ਼ਾਹੀ, ਸੁਖਵਿੰਦਰ ਕੌਰ) : ਭਾਰਤ 'ਚ ਜੋ ਲੜਕੇ ਪਹਿਲਾਂ ਪ੍ਰੇਮ ਸੰਬੰਧ ਬਣਾਉਂਦੇ ਹਨ, ਫਿਰ ਵਿਆਹ ਦਾ ਵਾਅਦਾ ਕਰਦੇ ਹਨ ਅਤੇ ਲੜਕੀਆਂ ਦੀ ਜ਼ਿੰਦਗੀ ਖ਼ਰਾਬ ਕਰਨ ਤੋਂ ਬਾਅਦ ਦੂਜੀ ਲੜਕੀ ਨਾਲ ਵਿਆਹ ਕਰ ਲੈਂਦੇ ਹਨ, ਲਈ ਚਿਤਾਵਨੀ ਵਾਲੀ ਖ਼ਬਰ ਹੈ। ਮਾਣਯੋਗ ਸੁਪਰੀਮ ਕੋਰਟ ਨੇ ਇਸ ਵਿਸ਼ੇ 'ਤੇ ਇਕ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਲੜਕੀ ਨਾਲ ਵਿਆਹ ਦਾ ਵਾਅਦਾ ਕਰ ਕੇ ਨਾਜਾਇਜ਼ ਸੰਬੰਧ ਬਣਾਉਣਾ ਧਾਰਾ 376 ਦੇ ਤਹਿਤ ਜਬਰ-ਜ਼ਨਾਹ ਮੰਨਿਆ ਜਾਵੇਗਾ।

ਮਾਣਯੋਗ ਸੁਪਰੀਮ ਕੋਰਟ ਦੇ ਬੈਂਚ ਜਸਟਿਸ ਐੱਮ. ਆਰ. ਸ਼ਾਹ ਤੇ ਜਸਟਿਸ ਐੱਲ. ਨਾਗੇਸ਼ਵਰ ਰਾਓ ਦੇ ਬੈਂਚ ਨੇ ਅਨੁਰਾਗ ਸੋਨੀ ਬਨਾਮ ਛੱਤੀਸਗੜ੍ਹ ਸਰਕਾਰ ਕ੍ਰਿਮੀਨਲ 'ਚ ਅਪੀਲ ਨੰਬਰ 629 ਆਫ 2019 ਦਾ ਨਿਬੇੜਾ ਕਰਦਿਆਂ ਕਿਹਾ ਹੈ ਕਿ ਜੇਕਰ ਇਹ ਸਾਬਤ ਹੋ ਜਾਵੇ ਕਿ ਲੜਕੇ ਨੇ ਲੜਕੀ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ, ਜਦੋਂ ਕਿ ਉਸ ਦਾ ਵਾਅਦਾ ਪੁਗਾਉਣ ਦਾ ਇਰਾਦਾ ਹੀ ਨਹੀਂ ਸੀ ਤੇ ਲੜਕੀ ਨੇ ਲੜਕੇ ਨਾਲ ਇਸ ਵਾਅਦੇ 'ਤੇ ਭਰੋਸਾ ਕਰਦਿਆਂ ਹੀ ਸੰਬੰਧ ਬਣਾਉਣ ਦੀ ਇਜਾਜ਼ਤ ਦਿੱਤੀ ਸੀ, ਤਾਂ ਅਜਿਹੀ ਸਹਿਮਤੀ ਆਈ. ਪੀ. ਸੀ. ਦੀ ਧਾਰਾ-90 ਦੇ ਤਹਿਤ ਗਲਤ ਧਾਰਨਾ 'ਤੇ ਪ੍ਰਾਪਤ ਕੀਤੀ ਗਈ ਸਹਿਮਤੀ ਮੰਨੀ ਜਾਵੇਗੀ। ਲੜਕੀ ਨਾਲ ਇਹ ਸਰਾਸਰ ਧੋਖਾ ਤੇ ਬੇਈਮਾਨੀ ਹੈ ਤੇ ਅਜਿਹੇ ਕੇਸ 'ਚ ਅਪਰਾਧੀ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ ਤੇ ਉਸ 'ਤੇ ਧਾਰਾ 376 ਦੇ ਅਧੀਨ ਜਬਰ-ਜ਼ਨਾਹ ਦਾ ਕੇਸ ਮੰਨ ਕੇ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਇਸ ਕੇਸ 'ਚ ਦੋਸ਼ੀ ਇਕ ਹਸਪਤਾਲ 'ਚ ਜੂਨੀਅਰ ਡਾਕਟਰ ਸੀ ਤੇ ਲੜਕੀ ਹਸਪਤਾਲ 'ਚ ਫਾਰਮਾਸਿਸਟ ਦੀ ਪੜ੍ਹਾਈ ਕਰ ਰਹੀ ਸੀ। ਦੋਵਾਂ ਨੇ ਬਾਅਦ 'ਚ ਵੱਖ-ਵੱਖ ਵਿਆਹ ਕਰ ਲਏ ਸਨ। ਮਾਣਯੋਗ ਸੁਪਰੀਮ ਕੋਰਟ ਨੇ ਇਸ 'ਤੇ ਵੀ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਦੋਵਾਂ ਦਾ ਬਾਅਦ 'ਚ ਵੱਖ-ਵੱਖ ਵਿਆਹ ਹੋਣ 'ਤੇ ਵੀ ਲੜਕਾ ਆਪਣੇ ਦੋਸ਼ ਤੋਂ ਦੋਸ਼ ਮੁਕਤ ਨਹੀਂ ਮੰਨਿਆ ਜਾਵੇਗਾ ਕਿਉਂਕਿ ਜਬਰ-ਜ਼ਨਾਹ ਲੜਕੀ ਦੇ ਤਨ, ਮਨ, ਤੇ ਪ੍ਰਾਈਵੇਸੀ 'ਤੇ ਘੋਰਾ ਹਮਲਾ ਹੁੰਦਾ ਹੈ ਤੇ ਇਹ ਇਕ ਵੱਡਾ ਪੱਕਾ ਧੱਬਾ ਹੈ।

cherry

This news is Content Editor cherry