ਢੰਨ ਮੁਹੱਲੇ ''ਚ ਹੋ ਰਹੀ ਗੰਦੇ ਪਾਣੀ ਦੀ ਸਪਲਾਈ

10/31/2017 6:45:46 AM

ਜਲੰਧਰ, (ਰਾਜ ਸ਼ਰਮਾ)— ਸ਼ਹਿਰ ਦੇ ਵਾਰਡ ਨੰਬਰ 19 ਦੇ ਢੰਨ ਮੁਹੱਲੇ ਦੀਆਂ ਗਲੀਆਂ 'ਚ ਪਿਛਲੇ ਕਈ ਮਹੀਨਿਆਂ ਤੋਂ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ। ਇਸ ਵਾਰਡ 'ਚ ਕੁਝ ਸਾਲ ਪਹਿਲਾਂ ਵੀ ਅਜਿਹੇ ਹੀ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਇਲਾਕਾ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਹੁਣ ਦੁਬਾਰਾ ਇਸ ਵਾਰਡ 'ਚ ਦੂਸ਼ਿਤ ਪਾਣੀ ਦੀ ਸਪਲਾਈ ਨਾਲ ਇਲਾਕਾ ਵਾਸੀ ਪੇਟ ਦਰਦ, ਡਾਇਰੀਆ, ਉਲਟੀ, ਦਸਤ ਜਿਹੀਆਂ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਦੂਸ਼ਿਤ ਪਾਣੀ ਨਾਲ ਸ਼ਹਿਰ 'ਚ ਹੋ ਚੁੱਕੀਆਂ 3 ਮੌਤਾਂ : ਪਿਛਲੇ 8 ਮਹੀਨਿਆਂ ਤੋਂ ਨਾਲ ਲੱਗਦੇ ਮੁਹੱਲਿਆਂ 'ਚੋਂ ਕਿਸ਼ਨਪੁਰਾ, ਸੰਤੋਖਪੁਰਾ, ਕੋਟ ਕਿਸ਼ਨ ਚੰਦ, ਲੰਮਾ ਪਿੰਡ, ਲਸੂੜੀ ਮੁਹੱਲਾ, ਰਾਮ ਨਗਰ, ਗਦਈਪੁਰ, ਕ੍ਰਿਸ਼ਨਾ ਨਗਰ, ਸ਼ੀਤਲ ਨਗਰ, ਸੰਤ ਨਗਰ , ਬਸ਼ੀਰਪੁਰਾ, ਗਾਂਧੀ ਕੈਂਪ ਆਦਿ ਕਈ ਇਲਾਕਿਆਂ 'ਚ ਸੈਂਕੜੇ ਲੋਕ ਗੰਦੇ ਪਾਣੀ ਦੀ ਸਪਲਾਈ ਕਾਰਨ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸੇ ਕਾਰਨ ਇਸ ਸਾਲ ਦੇ ਅਗਸਤ ਮਹੀਨੇ 'ਚ ਲੰਮਾ ਪਿੰਡ 'ਚ ਇਕ ਔਰਤ, ਜੁਲਾਈ 'ਚ ਬਸਤੀ ਪੀਰ ਦਾਦ 'ਚ ਇਕ ਵਿਅਕਤੀ, ਅਤੇ ਜੂਨ ਮਹੀਨੇ 'ਚ ਇਕ ਔਰਤ ਦੀ ਮੌਤ ਹੋ ਚੁੱਕੀ ਹੈ।
ਵਾਰਡ ਨੰ. 19 ਦੇ ਕਿਸੇ ਵੀ ਮੁਹੱਲੇ ਦੇ ਪਾਣੀ ਦੇ ਨਹੀਂ ਲਏ ਗਏ ਸੈਂਪਲ : ਸ਼ਾਇਦ ਨਗਰ ਨਿਗਮ ਦੀ ਕਾਗਜ਼ੀ ਕਾਰਵਾਈ 'ਚ ਇਸ ਵਾਰਡ ਦੇ ਪਾਣੀ ਦੇ ਸੈਂਪਲਾਂ ਦੀ ਟੈਸਟਿੰਗ ਰਿਪੋਰਟ ਠੀਕ ਹੋਵੇਗੀ ਪਰ ਜ਼ਮੀਨੀ ਹਕੀਕਤ 'ਚ ਪਿਛਲੇ ਕਈ ਸਾਲਾਂ ਤੋਂ ਨਾ ਤਾਂ ਕਲੋਰੀਨ ਦੀਆਂ ਗੋਲੀਆਂ ਤੇ ਨਾ ਹੀ ਦੂਸ਼ਿਤ ਆ ਰਹੇ ਪਾਣੀ ਦੇ ਸੈਂਪਲ ਵੀ ਲੈਬ ਟੈਸਟ ਲਈ  ਲਏ ਗਏ।
ਹੋ ਸਕਦੈ ਡਾਇਰੀਆ ਤੇ ਪੀਲੀਆ ਸੀਵਰੇਜ ਮਿਕਸ ਪਾਣੀ ਨਾਲ : ਡਾ. ਅਨੀਤਾ ਸੋਨੀ-ਪੇਟ ਦੇ ਰੋਗਾਂ ਦੇ ਜਾਣਕਾਰ ਡਾ. ਅਨੀਤਾ ਸੋਨੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸੀਵਰੇਜ ਮਿਕਸ ਪਾਣੀ ਪੀਣ ਕਾਰਨ ਡਾਇਰੀਆ ਤੇ ਪੀਲੀਆ ਵਰਗੇ ਰੋਗ ਹੋ ਸਕਦੇ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਜੇ ਪਾਣੀ ਦਾ ਰੰਗ ਗੰਧਲਾ ਆਉਣ ਲੱਗੇ ਤਾਂ ਪਾਣੀ ਨੂੰ ਉਬਾਲ ਕੇ ਪੀਓ ਤੇ ਤੁਰੰਤ ਡਾਕਟਰ ਕੋਲ ਜਾਓ ਤਾਂ ਜੋ ਆਉਣ ਵਾਲੀ ਬੀਮਾਰੀ ਤੋਂ ਬਚਿਆ ਜਾ ਸਕੇ।