ਸਪਲਾਈ ਹੋ ਰਿਹੈ ਦੂਸ਼ਿਤ ਪਾਣੀ; ਬੀਮਾਰੀਆਂ ਫੈਲਣ ਦਾ ਡਰ

11/20/2017 2:06:07 AM

ਰੂਪਨਗਰ, (ਕੈਲਾਸ਼)- ਨਗਰ ਕੌਂਸਲ ਰੂਪਨਗਰ ਵੱਲੋਂ ਕੁਝ ਥਾਵਾਂ 'ਤੇ ਸਪਲਾਈ ਕੀਤੇ ਜਾ ਰਹੇ ਪੀਣ ਵਾਲੇ ਪਾਣੀ ਦੇ ਦੂਸ਼ਿਤ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਬੀਮਾਰੀਆਂ ਫੈਲਣ ਦਾ ਡਰ ਸਤਾ ਰਿਹਾ ਹੈ। ਇਸ ਸੰਬੰਧੀ ਮੁਹੱਲਾ ਪ੍ਰੀਤ ਨਗਰ ਦੇ ਵਾਸੀਆਂ ਨੇ ਦੱਸਿਆ ਕਿ ਕਈ ਵਾਰ ਪਾਣੀ ਇੰਨਾ ਗੰਦਾ ਹੁੰਦਾ ਹੈ ਕਿ ਨਾ ਤਾਂ ਉਹ ਪੀਣ ਦੇ ਕਾਬਲ ਹੁੰਦਾ ਹੈ ਤੇ ਨਾ ਹੀ ਉਸ ਦੀ ਹੋਰ ਕੰਮ ਲਈ ਵਰਤੋਂ ਕੀਤੀ ਜਾ ਸਕਦੀ ਹੈ। ਪੀਣ ਵਾਲੇ ਪਾਣੀ ਦਾ ਰੰਗ ਪੀਲਾ ਹੋਣ ਕਾਰਨ ਉਸ ਵਿਚ ਸੀਵਰੇਜ ਦਾ ਪਾਣੀ ਮਿਕਸ ਹੋਣ ਦੀ ਵੀ ਸ਼ੰਕਾ ਬਣੀ ਰਹਿੰਦੀ ਹੈ। ਇਹ ਪਾਣੀ ਉਬਾਲਣ ਤੋਂ ਬਾਅਦ ਵੀ ਆਪਣਾ ਰੰਗ ਨਹੀਂ ਬਦਲਦਾ, ਜਿਸ ਕਾਰਨ ਇਸ ਨੂੰ ਪੀਣਯੋਗ ਨਹੀਂ ਮੰਨਿਆ ਜਾ ਸਕਦਾ। ਪਾਣੀ ਗੰਧਲਾ ਹੋਣ ਕਾਰਨ ਉਨ੍ਹਾਂ ਨੂੰ ਦੂਰ-ਦੁਰਾਡਿਓਂ ਪੀਣ ਲਈ ਪਾਣੀ ਲਿਆਉਣਾ ਪੈਂਦਾ ਹੈ। ਉਨ੍ਹਾਂ ਨਗਰ ਕੌਂਸਲ ਤੋਂ ਸਾਫ-ਸੁਥਰਾ ਪਾਣੀ ਸਪਲਾਈ ਕਰਨ ਦੀ ਮੰਗ ਕੀਤੀ ਹੈ।