ਹਾਰ ਦੇ ਬਾਵਜੂਦ ਜਾਖੜ ਗੁਰਦਾਸਪੁਰ ਹਲਕੇ ਦਾ ਕਰਨਗੇ ਧੰਨਵਾਦੀ ਦੌਰਾ

05/31/2019 4:27:07 PM

ਜਲੰਧਰ (ਧਵਨ) : ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਹੱਥੋਂ ਚੋਣਾਂ 'ਚ ਹਾਰਨ ਦੇ ਬਾਵਜੂਦ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਧੰਨਵਾਦੀ ਦੌਰਾ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਉਹ ਆਪਣੀ ਮੁਹਿੰਮ ਦੀ ਸ਼ੁਰੂਆਤ 1 ਜੂਨ ਨੂੰ ਦੀਨਾਨਗਰ ਤੋਂ ਕਰਨਗੇ। ਦੱਸ ਦਈਏ ਕਿ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫਾ ਰਾਹੁਲ ਗਾਂਧੀ ਨੂੰ ਭੇਜਿਆ ਹੋਇਆ ਹੈ ਪਰ ਅਜੇ ਤਕ ਉਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ।

ਜਾਖੜ ਨੇ ਗੁਰਦਾਸਪੁਰ ਲੋਕ ਸਭਾ ਖੇਤਰ ਅਧੀਨ ਆਉਂਦੇ ਸਭ ਹਲਕਿਆਂ 'ਚ ਜਾ ਕੇ ਲੋਕਾਂ ਦਾ ਧੰਨਵਾਦ ਕਰਨ ਦਾ ਫੈਸਲਾ ਕੀਤਾ ਹੈ। ਸ਼ੁਰੂਆਤ ਦੀਨਾਨਗਰ ਤੋਂ ਹੋਵੇਗੀ। ਇਥੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕਾਂਗਰਸ ਦੇ ਵਰਕਰਾਂ ਦਾ ਇਕ ਸੰਮੇਲਨ ਆਯੋਜਿਤ ਕੀਤਾ ਹੈ, ਜਿੱਥੇ ਜਾਖੜ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਨਗੇ। ਦੀਨਾਨਗਰ ਵਿਧਾਨ ਸਭਾ ਸੀਟ 'ਚ ਕਾਂਗਰਸ ਲਗਭਗ 20,000 ਵੋਟਾਂ ਤੋਂ ਪਿੱਛੇ ਰਹਿ ਗਈ ਸੀ। ਪਠਾਨਕੋਟ ਤੇ ਭੋਆ ਵਿਧਾਨ ਸਭਾ ਹਲਕਿਆਂ 'ਚ ਵੀ ਕਾਂਗਰਸ ਭਾਜਪਾ ਹੱਥੋਂ ਪੱਛੜ ਗਈ ਸੀ। ਹਿੰਦੂ ਬਹੁਗਿਣਤੀ ਵਾਲੀਆਂ ਸੀਟਾਂ ਤੋਂ ਜਾਖੜ ਨੇ ਆਪਣੀ ਮੁਹਿੰਮ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸੀਟਾਂ 'ਤੇ ਆਉਣ ਵਾਲੇ ਦਿਨਾਂ 'ਚ ਜਾਖੜ ਪੂਰਾ ਧਿਆਨ ਦੇਣਗੇ। 9 ਵਿਧਾਨ ਸਭਾ ਹਲਕਿਆਂ 'ਚ ਕਾਂਗਰਸ ਨੇ 5 'ਚ ਲੀਡ ਹਾਸਲ ਕੀਤੀ ਸੀ ਪਰ 4 ਹਲਕਿਆਂ 'ਚ ਉਹ ਪੱਛੜ ਗਈ ਸੀ।

ਜਾਖੜ ਨੇ ਕਿਹਾ ਕਿ ਚੋਣਾਂ 'ਚ ਹਾਰ ਜਿੱਤ ਤਾਂ ਚਲਦੀ ਰਹਿੰਦੀ ਹੈ ਪਰ ਚੋਣਾਂ ਦੌਰਾਨ ਕਾਂਗਰਸ ਨੂੰ ਹਮਾਇਤ ਦੇਣ ਵਾਲਿਆਂ ਦਾ ਧੰਨਵਾਦ ਕਰਣਾ ਜ਼ਰੂਰੀ ਹੈ। ਜਿਨ੍ਹਾਂ ਲੋਕਾਂ ਨੇ ਕਾਂਗਰਸ ਨੂੰ ਹਮਾਇਤ ਨਹੀਂ ਵੀ ਦਿੱਤੀ, ਉਨ੍ਹਾਂ ਦਾ ਵੀ ਧੰਨਵਾਦ ਕਰਨਾ ਉਹ ਆਪਣਾ ਨੈਤਿਕ ਫਰਜ਼ ਸਮਝਦੇ ਹਨ। ਚੋਣਾਂ 'ਚ ਹਾਰ ਦਾ ਮਤਲਬ ਇਹ ਨਹੀਂ ਕਿ ਉਹ ਇਲਾਕੇ ਨਾਲੋਂ ਆਪਣਾ ਨਾਤਾ ਤੋੜ ਲੈਣ। ਲੋਕਾਂ ਪ੍ਰਤੀ ਪਿਆਰ ਦਾ ਪ੍ਰਗਟਾਵਾ ਕਰਨ ਲਈ ਉਹ ਹਰ ਵਿਧਾਨ ਸਭਾ ਹਲਕੇ 'ਚ ਜਾਣਗੇ।

Anuradha

This news is Content Editor Anuradha