ਜਾਖੜ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ''ਤੇ ਬਣੇ ਰਹਿਣਗੇ

11/17/2018 6:11:15 PM

ਜਲੰਧਰ (ਧਵਨ)— ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਆਪਣੇ ਅਹੁਦੇ 'ਤੇ ਬਣੇ ਰਹਿਣਗੇ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਬੀਤੇ ਦਿਨ ਦਿੱਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਚਰਚਾ ਤੋਂ ਬਾਅਦ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ। ਲੋਕਸਭਾ ਚੋਣਾਂ ਅਗਲੇ ਸਾਲ ਦੇ ਮੱਧ 'ਚ ਹੋਣੀਆਂ ਹਨ। ਪਿਛਲੇ ਕੁਝ ਦਿਨਾਂ ਤੋਂ ਅਜਿਹੀ ਚਰਚਾ ਚੱਲ ਰਹੀ ਸੀ ਕਿ ਸ਼ਾਇਦ ਜਾਖੜ ਦੀ ਥਾਂ ਨਵੇਂ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਵੇਗੀ ਜਾਂ ਫਿਰ ਉਨ੍ਹਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਲਾਇਆ ਜਾਵੇਗਾ ਪਰ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਇਸ ਚਰਚਾ 'ਤੇ ਪੂਰੀ ਤਰ੍ਹਾਂ ਰੋਕ ਲੱਗ ਗਈ ਹੈ।

ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ 15 ਮਿੰਟ ਤੱਕ ਰਾਹੁਲ ਗਾਂਧੀ ਨਾਲ ਮੀਟਿੰਗ ਕੀਤੀ ਤਾਂ ਰਾਹੁਲ ਨੇ ਕਿਹਾ ਸੀ ਕਿ ਲੋਕਸਭਾ ਚੋਣਾਂ ਤੱਕ ਪਾਰਟੀ ਸੰਗਠਨ 'ਚ ਕੋਈ ਫੇਰਬਦਲ ਨਹੀਂ ਕੀਤਾ ਜਾਣਾ ਚਾਹੀਦਾ। ਦੱਸਿਆ ਜਾਂਦਾ ਹੈ ਕਿ ਰਾਹੁਲ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਹੁਣ ਕਿਉਂਕਿ ਲੋਕਸਭਾ ਚੋਣਾਂ ਨੇੜੇ ਆ ਰਹੀਆਂ ਹਨ, ਇਸ ਲਈ ਸੰਗਠਨ 'ਚ ਕੋਈ ਤਬਦੀਲੀ ਨਹੀਂ ਲਿਆਂਦੀ ਜਾਵੇਗੀ। ਕੈਪਟਨ ਦੇ ਨੇੜਲੇ ਸੂਤਰਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਭਾਵੇਂ ਰਾਹੁਲ ਨੇ ਬਾਅਦ 'ਚ ਹੋਰ ਆਗੂਆਂ ਨਾਲ ਮੀਟਿੰਗ ਵੀ ਕੀਤੀ ਪਰ ਉਸ 'ਚ ਮੁੱਖ ਚਰਚਾ ਰਾਜਸਥਾਨ ਚੋਣਾਂ ਨੂੰ ਲੈ ਕੇ ਹੁੰਦੀ ਰਹੀ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਜਾਖੜ ਨੇ ਗੁਰਦਾਸਪੁਰ ਤੋਂ ਲੋਕਸਭਾ ਚੋਣ ਲੜਨੀ ਹੈ।

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਰਾਹੁਲ ਨੂੰ ਦੱਸਿਆ ਕਿ ਪਿਛਲੀ ਵਾਰ ਵਿਧਾਨਸਭਾ ਚੋਣਾਂ 'ਚ ਹਿੰਦੂ ਭਾਈਚਾਰੇ ਨੇ ਖੁੱਲ੍ਹ ਕੇ ਕਾਂਗਰਸ ਨੂੰ ਸਮਰਥਨ ਦਿੱਤਾ ਸੀ, ਇਸ ਲਈ ਸੂਬਾ ਪ੍ਰਧਾਨ ਅਹੁਦੇ 'ਤੇ ਹਿੰਦੂ ਆਗੂ ਦਾ ਬਣਿਆ ਰਹਿਣਾ ਜ਼ਰੂਰੀ ਹੈ। ਜਿਥੋਂ ਤੱਕ ਦਲਿਤ ਭਾਈਚਾਰੇ ਨੂੰ ਨੁਮਾਇੰਦਗੀ ਦੇਣ ਦੀ ਗੱਲ ਹੈ ਤਾਂ ਉਸ ਦਾ ਸਰਕਾਰ ਵੱਲੋਂ ਪੂਰਾ ਧਿਆਨ ਰੱਖਿਆ ਜਾਵੇਗਾ। ਜਾਖੜ ਦਾ ਸਮਰਥਨ ਪੰਜਾਬ ਕਾਂਗਰਸ ਦੇ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਸਹਿ ਇੰਚਾਰਜ ਹਰੀਸ਼ ਚੌਧਰੀ ਨੇ ਵੀ ਕੀਤਾ ਹੈ। ਉਂਝ ਵੀ ਜਾਖੜ ਦੇ ਪ੍ਰਧਾਨ ਰਹਿੰਦਿਆਂ ਕਾਂਗਰਸ ਨੇ ਪੰਜਾਬ 'ਚ ਹੋਈਆਂ ਸਾਰੀਆਂ ਚੋਣਾਂ ਜਿੱਤੀਆਂ ਹਨ।

shivani attri

This news is Content Editor shivani attri