ਲੋਕ ਸਭਾ ਚੋਣਾਂ ਤੋਂ ਬਾਅਦ ਸੰਕਟ ''ਚ ਹੈ ਸੁਨੀਲ ਜਾਖੜ ਦਾ ਸਿਆਸੀ ਕਰੀਅਰ

05/28/2019 2:18:16 PM

ਜਲੰਧਰ (ਚੋਪੜਾ) : ਪੰਜਾਬ 'ਚ ਭਵਿੱਖ ਦੇ ਮੰਨੇ ਜਾਣ ਵਾਲੇ ਮੁੱਖ ਮੰਤਰੀ ਸੁਨੀਲ ਜਾਖੜ ਦਾ ਸਿਆਸੀ ਕਰੀਅਰ ਗੁਰਦਾਸਪੁਰ ਦੀਆਂ ਆਮ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਇਕ ਵਾਰ ਫਿਰ ਤੋਂ ਸੰਕਟ 'ਚ ਫਸ ਗਿਆ ਹੈ। ਇਸ ਹਾਰ ਨੇ ਜਾਖੜ ਦੀ ਕਾਬਲੀਅਤ 'ਤੇ ਵੱਡਾ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ ਕਿਉਂਕਿ ਆਮ ਚੋਣਾਂ 'ਚ ਜਾਖੜ ਦੀ ਇਹ ਲਗਾਤਾਰ ਤੀਜੀ ਹਾਰ ਹੈ, ਜਿਸ ਤੋਂ ਬਾਅਦ ਜਾਖੜ ਦੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਹੁਦੇ 'ਤੇ ਵੀ ਤਲਵਾਰ ਲਟਕ ਰਹੀ ਹੈ। ਭਾਜਪਾ ਉਮੀਦਵਾਰ ਅਤੇ ਫਿਲਮ ਅਭਿਨੇਤਾ ਸੰਨੀ ਦਿਓਲ ਦੇ ਹੱਥੋਂ ਹਾਰਨ ਤੋਂ ਬਾਅਦ ਜਾਖੜ ਨੇ ਪ੍ਰਦੇਸ਼ ਪ੍ਰਧਾਨਗੀ ਤੋਂ ਆਪਣਾ ਅਸਤੀਫਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਹੈ ਅਤੇ ਉਸ ਦੇ ਅਸਤੀਫੇ 'ਤੇ ਆਖਰੀ ਫੈਸਲਾ ਰਾਹੁਲ ਨੇ ਹੀ ਲੈਣਾ ਹੈ ਪਰ ਸਿਆਸੀ ਹਲਕਿਆਂ 'ਚ ਕਿਆਸ ਲਾਏ ਜਾ ਰਹੇ ਹਨ ਕਿ ਲਗਭਗ 2 ਸਾਲਾਂ ਦੇ ਪ੍ਰਧਾਨਗੀ ਦੇ ਕਾਰਜਕਾਲ 'ਚ ਨਾਕਾਰਾਤਮਕ ਕਾਰਜਸ਼ੈਲੀ ਕਾਰਨ ਜਾਖੜ ਦਾ ਅਸਤੀਫਾ ਸਵੀਕਾਰ ਕਰ ਲਿਆ ਜਾਵੇਗਾ। ਸਾਬਕਾ ਲੋਕ ਸਭਾ ਸਪੀਕਰ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸਵ. ਬਲਰਾਮ ਜਾਖੜ ਦੇ ਬੇਟੇ ਸੁਨੀਲ ਜਾਖੜ ਦਾ ਸਿਆਸਤ 'ਚ ਚਿਹਰਾ ਭਾਵੇਂ ਵੱਡਾ ਹੈ ਪਰ ਉੁਨ੍ਹ੍ਹਾਂ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਸਿਆਸੀ ਸਫਰ
2014 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਨੇ ਸੁਨੀਲ ਜਾਖੜ ਨੂੰ ਫਿਰੋਜ਼ਪੁਰ ਤੋਂ ਚੋਣ ਮੈਦਾਨ 'ਚ ਉਤਾਰਿਆ, ਉਹ ਅਕਾਲੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਹੱਥੋਂ ਲਗਭਗ 31 ਹਜ਼ਾਰ ਵੋਟਾਂ ਨਾਲ ਹਾਰ ਗਏ ਸਨ। 2017 ਦੀਆਂ ਚੋਣਾਂ 'ਚ ਅਬੋਹਰ ਜੱਦੀ ਹਲਕਾ ਹੋਣ ਦੇ ਬਾਵਜੂਦ ਜਾਖੜ ਭਾਜਪਾ ਉਮੀਦਵਾਰ ਅਰੁਣ ਨਾਰੰਗ ਤੋਂ ਹਾਰ ਗਏ। ਇਸ ਹਾਰ ਨੇ ਕਾਂਗਰਸੀਆਂ ਨੂੰ ਪੂਰੀ ਤਰ੍ਹਾਂ ਹੈਰਾਨ ਕਰ ਦਿੱਤਾ ਕਿਉਂਕਿ ਜਾਖੜ ਵਿਧਾਇਕ ਅਹੁਦੇ ਦੌਰਾਨ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ 'ਤੇ ਸਨ ਅਤੇ 2017 'ਚ ਪੰਜਾਬ 'ਚ ਕਾਂਗਰਸ ਦੀ ਪੂਰੀ ਲਹਿਰ ਚੱਲੀ ਸੀ। ਪਾਰਟੀ ਨੂੰ 117 ਵਿਧਾਨ ਸਭਾ ਹਲਕਿਆਂ 'ਚੋਂ 77 ਸੀਟਾਂ ਦਾ ਇਤਿਹਾਸਕ ਸਕੋਰ ਮਿਲਿਆ ਸੀ। ਹੈਰਾਨੀਜਨਕ ਸੀ ਕਿ ਜਾਖੜ ਨੂੰ ਹਰਾਉਣ ਵਾਲੇ ਅਰੁਣ ਨਾਰੰਗ ਭਾਜਪਾ ਦਾ ਕੋਈ ਵਡਾ ਚਿਹਰਾ ਵੀ ਨਹੀਂ ਸਨ। 

ਇਸ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਜਾਖੜ ਨੂੰ ਪਹਿਲਾਂ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ, ਫਿਰ ਸਾਲ 2017 'ਚ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਤੇ ਅਭਿਨੇਤਾ ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਜਾਖੜ ਨੂੰ ਉਪ ਚੋਣ ਲੜਵਾਉਣ ਦਾ ਫੈਸਲਾ ਕਰਕੇ ਉਸ ਦੇ ਖੜੋਤ ਵਾਲੇ ਸਿਆਸੀ ਕਰੀਅਰ ਨੂੰ ਨਵਾਂ ਰਾਹ ਦਿੱਤਾ। ਜਾਖੜ ਨੇ ਗੁਰਦਾਸਪੁਰ ਜ਼ਿਮਨੀ ਚੋਣ ਨੂੰ 1 ਲੱਖ 93 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਜਿੱਤਿਆ ਅਤੇ ਸੂਬੇ ਦੀ ਰਾਜਨੀਤੀ 'ਚ ਜ਼ੋਰਦਾਰ ਕਦਮ ਰੱਖਿਆ ਪਰ ਸੰਸਦ ਮੈਂਬਰ ਅਹੁਦੇ ਹਾਸਲ ਕਰਨ ਤੋਂ ਬਾਅਦ ਕੁਝ ਅਜਿਹੀਆਂ ਘਟਨਾਵਾਂ ਹੋਈਆਂ ਜਿਸ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਵਿਚਕਾਰ ਅਣਬਣ ਪੈਦਾ ਹੋਣ ਲੱਗੀ। ਇਕ ਵਾਰ ਤਾਂ ਕੈ. ਅਮਰਿੰਦਰ ਸਿੰਘ ਨਾਲ ਵਿਧਾਇਕਾਂ ਸਮੇਤ ਮੁਲਾਕਾਤ ਕਰਨ ਪਹੁੰਚੇ ਜਾਖੜ ਉਸ ਸਮੇਂ ਨਾਰਾਜ਼ ਹੋ ਕੇ ਬਿਨਾਂ ਮਿਲੇ ਵਾਪਸ ਪਰਤ ਆਏ ਸਨ ਜਦੋਂ ਮੁੱਖ ਮੰਤਰੀ ਨੇ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਮੋਬਾਇਲ ਬਾਹਰ ਰੱਖ ਕੇ ਅੰਦਰ ਜਾਣ ਨੂੰ ਕਿਹਾ। ਜਾਖੜ ਅਤੇ ਕੈਪਟਨ ਵਿਚਕਾਰ ਦੂਰੀਆਂ ਉੁਸ ਸਮੇਂ ਵੀ ਵਧ ਗਈਆਂ ਜਦੋਂ ਬਿਨਾਂ ਕੈਪਟਨ ਅਮਰਿੰਦਰ ਨੂੰ ਦੱਸੇ ਜਾਖੜ ਪੰਜਾਬ ਦੇ ਕੁਝ ਵਿਧਾਇਕਾਂ ਨਾਲ ਰਾਹੁਲ ਗਾਂਧੀ ਨੂੰ ਮਿਲਣ ਚਲੇ ਗਏ। 2019 ਦੀਆਂ ਲੋਕ ਸਭਾ ਚੋਣਾਂ 'ਚ ਪੰਜਾਬ 'ਚ ਟਿਕਟਾਂ ਦੀ ਵੰਡ ਦੌਰਾਨ ਵੀ ਕੈ. ਅਮਰਿੰਦਰ ਤੇ ਜਾਖੜ 'ਚ ਕਾਫੀ ਮਤਭੇਦ ਦੇਖਣ ਨੂੰ ਮਿਲੇ।

ਜਾਖੜ ਨੂੰ 2017 ਦੀਆਂ ਚੋਣਾਂ 'ਚ ਗੁਰਦਾਸਪੁਰ ਤੋਂ ਜਿੱਤ ਆਸਾਨ ਲੱਗ ਰਹੀ ਸੀ ਪਰ ਇਹ ਉਦੋਂ ਤਕ ਆਸਾਨ ਰਹੀ ਜਦੋਂ ਤਕ ਭਾਜਪਾ ਨੇ ਸੰਨੀ ਦਿਓਲ ਨੂੰ ਚੋਣ ਮੈਦਾਨ 'ਚ ਨਹੀਂ ਉਤਾਰਿਆ ਸੀ। ਸੰਨੀ ਦੇ ਆਉਣ 'ਤੇ ਜਾਖੜ ਦੀ ਚੁਣੌਤੀ ਵਧ ਗਈ ਅਤੇ ਉਨ੍ਹਾਂ ਨੇ ਸੰਨੀ ਦੇ ਬਾਹਰੀ ਹੋਣ ਅਤੇ ਪੰਜਾਬ ਦੇ ਮੁੱਦਿਆਂ ਦੀ ਨਾ ਜਾਣਕਾਰੀ ਹੋਣ ਦਾ ਪ੍ਰਚਾਰ ਕੀਤਾ ਪਰ ਸਿਆਸਤ 'ਚ 2-3 ਹਫਤੇ ਚੋਣਾਂ ਤੋਂ ਪਹਿਲਾਂ ਸ਼ਾਮਲ ਹੋਏ ਸੰਨੀ ਦਿਓਲ ਆਪਣੇ ਸਟਾਰਡਮ ਦੀ ਲਹਿਰ ਕਰਕੇ ਜਾਖੜ ਨੂੰ ਮਾਤ ਦੇਣ 'ਚ ਕਾਮਯਾਬ ਹੋ ਗਏ। ਹੁਣ ਜਦੋਂਕਿ ਜਾਖੜ ਨੇ ਨੈਤਿਕਤਾ ਦੇ ਆਧਾਰ 'ਤੇ ਆਪਣਾ ਅਸਤੀਫਾ ਦੇ ਦਿੱਤਾ ਹੈ। ਜਾਖੜ 'ਤੇ ਦੋਸ਼ ਲੱਗਦੇ ਰਹੇ ਹਨ ਕਿ ਉਸ ਦਾ ਜ਼ਮੀਨੀ ਪੱਧਰ 'ਤੇ ਵਰਕਰਾਂ ਨਾਲ ਕੋਈ ਸੰਪਰਕ ਨਹੀਂ ਹੈ। ਆਪਣੀ ਪ੍ਰਧਾਨਗੀ ਦੇ ਕਾਰਜਕਾਲ 'ਚ ਜਾਖੜ ਨਾ ਤਾਂ ਪ੍ਰਦੇਸ਼ ਕਾਂਗਰਸ ਦੀ ਕਾਰਜਕਾਰਨੀ ਦਾ ਪੁਨਰਗਠਨ ਕਰ ਸਕੇ ਅਤੇ ਨਾ ਹੀ ਉਨ੍ਹਾਂ ਨੇ ਕਦੇ ਸੂਬਾ ਅਧਿਕਾਰੀਆਂ ਦੀ ਕੋਈ ਬੈਠਕ ਕੀਤੀ। ਸੂਤਰਾਂ ਦੀ ਮੰਨੀਏ ਤਾਂ ਜਾਖੜ ਦਾ ਅਸਤੀਫਾ ਮਨਜ਼ੂਰ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ ਤੇ ਰਾਹੁਲ ਗਾਂਧੀ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਲਾਹ ਕਰਕੇ ਪੰਜਾਬ ਦੇ ਕਾਂਗਰਸ ਪ੍ਰਧਾਨ ਦੀ ਡੋਰ ਕਿਸੇ ਅਜਿਹੇ ਦਮਦਾਰ ਨੇਤਾ ਦੇ ਹੱਥਾਂ 'ਚ ਸੌਂਪਣੀ ਚਾਹੁਣਗੇ, ਜੋ ਕਿ ਵਰਕਰਾਂ ਵਿਚਕਾਰ ਰਹਿ ਕੇ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਗਤੀਸ਼ੀਲ ਕਰੇ ਅਤੇ ਕੈ. ਅਮਰਿੰਦਰ ਸਿੰਘ ਦੇ ਮਿਸ਼ਨ 2022 ਨੂੰ ਸਫਲ ਕਰਨ 'ਚ ਸਹਾਇਕ ਸਿੱਧ ਹੋ ਸਕੇ।

Anuradha

This news is Content Editor Anuradha