ਪਲਾਨਿੰਗ ਤਿਆਰ, ਮੇਨ ਰੋਡ ''ਤੇ ਨਹੀਂ ਰੈਣਕ ਬਾਜ਼ਾਰ ਦੇ ਅੰਦਰ ਲੱਗੇਗਾ ''ਸੰਡੇ ਬਾਜ਼ਾਰ''

01/11/2020 12:27:56 PM

ਜਲੰਧਰ (ਵਰੁਣ)— ਸੰਡੇ ਬਾਜ਼ਾਰ ਨੂੰ ਲੈ ਕੇ ਚੱਲ ਰਹੀ ਚਰਚਾ 'ਤੇ ਸ਼ੁੱਕਰਵਾਰ ਲਗਾਮ ਲੱਗ ਗਈ। ਪੁਲਸ, ਵਿਧਾਇਕ ਅਤੇ ਨਿਗਮ ਦੇ ਅਧਿਕਾਰੀਆਂ ਦੀ ਹੋਈ ਮੀਟਿੰਗ 'ਚ ਤੈਅ ਹੋਇਆ ਕਿ ਐਤਵਾਰ ਨੂੰ ਪਲਾਜ਼ਾ ਚੌਕ ਤੋਂ ਲੈ ਕੇ ਮੱਛੀ ਮਾਰਕੀਟ ਜਾਂਦੇ ਰੋਡ 'ਤੇ ਸਿੰਗਲ ਰੇਹੜੀ ਅਤੇ ਫੜ੍ਹੀ ਨਹੀਂ ਲੱਗਣ ਦਿੱਤੀ ਜਾਵੇਗੀ, ਜੇਕਰ ਕਿਸੇ ਨੇ ਰੇਹੜੀ ਅਤੇ ਫੜ੍ਹੀ ਲਾਉਣੀ ਹੈ ਤਾਂ ਉਹ ਰੈਣਕ ਬਾਜ਼ਾਰ 'ਚ ਹੀ ਲਾਏ।

'ਜਗ ਬਾਣੀ' ਨੇ ਸ਼ੁੱਕਰਵਾਰ ਦੇ ਅੰਕ 'ਚ ਹੀ ਮੀਟਿੰਗ ਦੇ ਏਜੰਡੇ ਨੂੰ ਕੀਲੀਅਰ ਕਰਦੇ ਹੋਏ ਇਸ ਐਤਵਾਰ ਰੋਡ 'ਤੇ ਸੰਡੇ ਬਾਜ਼ਾਰ ਨਹੀਂ ਲੱਗਣ ਦੀ ਖਬਰ ਲਾ ਦਿੱਤੀ ਸੀ। ਸ਼ੁੱਕਰਵਾਰ ਨੂੰ ਨਗਰ ਨਿਗਮ 'ਚ ਡੀ. ਸੀ. ਪੀ. ਟਰੈਫਿਕ ਨਰੇਸ਼ ਡੋਗਰਾ, ਏ. ਸੀ. ਪੀ. ਮਾਡਲ ਟਾਊਨ ਧਰਮਪਾਲ, ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ, ਵਿਧਾਇਕ ਰਾਜਿੰਦਰ ਬੇਰੀ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ। ਮੀਟਿੰਗ 'ਚ ਸੰਡੇ ਬਾਜ਼ਾਰ ਨੂੰ ਲੈ ਕੇ ਕਾਫੀ ਚਰਚਾ ਹੋਈ, ਜਿਸ ਤੋਂ ਬਾਅਦ ਮੀਟਿੰਗ 'ਚ ਤੈਅ ਹੋਇਆ ਕਿ ਸੰਡੇ ਬਾਜ਼ਾਰ ਹੁਣ ਰੋਡ 'ਤੇ ਨਹੀਂ ਲੱਗਣ ਦਿੱਤਾ ਜਾਵੇਗਾ।

ਮੀਟਿੰਗ 'ਚ ਸੰਡੇ ਬਾਜ਼ਾਰ ਕਾਰਨ ਪਲਾਜ਼ਾ ਚੌਕ ਤੋਂ ਲੈ ਕੇ ਮੱਛੀ ਮਾਰਕੀਟ ਅਤੇ ਨਕੋਦਰ ਚੌਕ 'ਤੇ ਲੱਗਣ ਵਾਲੇ ਜਾਮ ਦੀ ਵੀ ਚਰਚਾ ਰਹੀ। ਸਿਵਲ ਹਸਪਤਾਲ ਆਉਣ-ਜਾਣ ਵਾਲੀ ਐਂਬੂਲੈਂਸ ਜਾਮ 'ਚ ਫਸਣ ਦੀ ਗੱਲ ਵੀ ਹੋਈ, ਜਿਸ ਤੋਂ ਬਾਅਦ ਸੰਡੇ ਮਾਰਕੀਟ ਰੈਣਕ ਬਾਜ਼ਾਰ ਅੰਦਰ ਲੱਗਣ ਦੀ ਗੱਲ 'ਤੇ ਮੋਹਰ ਲਾ ਦਿੱਤੀ ਗਈ। ਡੀ. ਸੀ. ਪੀ. ਨਰੇਸ਼ ਡੋਗਰਾ ਨੇ ਕਿਹਾ ਕਿ ਜੇਕਰ ਕੋਈ ਉਨ੍ਹਾਂ ਦੀਆਂ ਟੀਮਾਂ ਦਾ ਵਿਰੋਧ ਕਰਦਾ ਹੈ ਤਾਂ ਉਸ ਲਈ ਵੀ ਪੁਲਸ ਨੇ ਰਣਨੀਤੀ ਤੈਅ ਕੀਤੀ ਹੈ। ਸਰਕਾਰੀ ਕੰਮ 'ਚ ਰੁਕਾਵਟ ਪਾਉਣ 'ਤੇ ਪੁਲਸ ਕੇਸ ਵੀ ਦਰਜ ਕਰ ਸਕਦੀ ਹੈ। ਐਤਵਾਰ ਸਵੇਰੇ ਕਰੀਬ 11 ਵਜੇ ਟਰੈਫਿਕ ਪੁਲਸ, ਪੁਲਸ ਫੋਰਸਿਜ਼ ਅਤੇ ਨਿਗਮ ਦੇ ਅਧਿਕਾਰੀ ਰੋਡ 'ਤੇ ਲੱਗਣ ਵਾਲੇ ਸੰਡੇ ਬਾਜ਼ਾਰ 'ਤੇ ਵੱਡੀ ਕਾਰਵਾਈ ਕਰਨਗੇ।

ਸੋਮਵਾਰ ਨੂੰ ਬੱਸ ਸਟੈਂਡ ਦੇ ਆਲੇ-ਦੁਆਲੇ ਹੋਵੇਗੀ ਕਾਰਵਾਈ
ਇਸ ਮੀਟਿੰਗ 'ਚ ਬੱਸ ਸਟੈਂਡ ਦੇ ਆਲੇ-ਦੁਆਲੇ ਹੋਏ ਨਾਜਾਇਜ਼ ਕਬਜ਼ਿਆਂ 'ਤੇ ਵੀ ਚਰਚਾ ਹੋਈ। ਤੈਅ ਹੋਇਆ ਕਿ ਸੋਮਵਾਰ ਨੂੰ ਨਿਗਮ ਦੀਆਂ ਟੀਮਾਂ ਪੁਲਸ ਅਧਿਕਾਰੀਆਂ ਅਤੇ ਫੋਰਸ ਨੂੰ ਨਾਲ ਲੈ ਕੇ ਬੱਸ ਸਟੈਂਡ ਦੇ ਆਲੇ-ਦੁਆਲੇ ਤੋਂ ਕਬਜ਼ੇ ਹਟਾਉਣਗੀਆਂ, ਹਾਲਾਂਕਿ ਪਹਿਲਾਂ ਫਲਾਈਓਵਰ ਦੇ ਹੇਠਾਂ ਰੇਹੜੀਆਂ ਅਤੇ ਖੋਖਿਆਂ ਨੂੰ ਵੀ ਚੁਕਵਾ ਦਿੱਤਾ ਗਿਆ ਪਰ ਸੋਮਵਾਰ ਨੂੰ ਉਥੇ ਵੱਡੀ ਕਾਰਵਾਈ ਹੋਵੇਗੀ। ਡੀ. ਸੀ. ਪੀ. ਨਰੇਸ਼ ਡੋਗਰਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

shivani attri

This news is Content Editor shivani attri