ਜਲਾਲਾਬਾਦ : ਸੁਮਨ ਮੁਟਨੇਜਾ ਦੀ ਹੱਤਿਆ ਦੇ ਮਾਮਲੇ 'ਚ 4 ਗ੍ਰਿਫਤਾਰ, 6 ਨਾਮਜ਼ਦ

04/22/2019 7:19:53 PM

ਜਲਾਲਾਬਾਦ, (ਸੇਤੀਆ,ਨਿਖੰਜ):  ਸ਼ਹਿਰ ਦੇ ਵਪਾਰੀ ਤੇ ਮੰਡੀ ਪੰਜੇਕੇ ਦੇ ਵਸਨੀਕ ਸੁਮਨ ਮੁਟਨੇਜਾ ਨੂੰ ਵੀਰਵਾਰ ਦੀ ਸ਼ਾਮ ਨੂੰ ਪਹਿਲਾਂ ਅਗਵਾ ਕਰਨ ਤੇ ਬਾਅਦ 'ਚ ਮੌਤ ਦੇ ਘਾਟ ਉਤਾਰਣ ਦੇ ਦੋਸ਼ 'ਚ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਮ੍ਰਿਤਕ ਦੇ ਬੇਟੇ ਅਭਿਨੰਦਨ ਮੁਟਨੇਜਾ ਦੇ ਬਿਆਨਾਂ 'ਤੇ 6 ਵਿਅਕਤੀਆਂ ਖਿਲਾਫ ਧਾਰਾ 365 ਮਾਮਲਾ ਦਰਜ ਕਰਕੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਨਾਮਜ਼ਦ ਦੋਸ਼ੀਆਂ 'ਚ ਅਮਨਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਰਨੀਵਾਲਾ ਹਾਲ, ਹਾਲ ਮੰਨੇਵਾਲਾ ਰੋਡ ਜਲਾਲਾਬਾਦ, ਦਵਿੰਦਰ ਸਿੰਘ ਉਰਫ ਦੀਪੂ ਪੁੱਤਰ ਮਹਿੰਦਰ ਸਿੰਘ ਵਾਸੀ ਦਸ਼ਮੇਸ਼ ਨਗਰੀ ਜਲਾਲਾਬਾਦ, ਪ੍ਰਗਟ ਸਿੰਘ ਉਰਫ ਪਿੰਕਾ ਪੁੱਤਰ ਕਿਸ਼ਨ ਸਿੰਘ ਵਾਸੀ ਜਮਾਲਗੜ•ਛੀਬਿਆ ਵਾਲਾ, ਸੁਖਪਾਲ ਸਿੰਘ ਉਰਫ ਪਾਲਾ ਪੁੱਤਰ ਜਗਸੀਰ ਸਿੰਘ ਵਾਸੀ ਚੱਕ ਵੈਰੋਕਾ ਹਾਲ ਮਤੀਦਾਸ ਕਾਲੋਨੀ ਜਲਾਲਾਬਾਦ, ਸਤਨਾਮ ਸਿੰਘ ਉਰਫ ਮੱਕੜ ਪੁੱਤਰ ਲਾਲ ਸਿੰਘ ਵਾਸੀ ਵਾਰਡ ਨੰਬਰ-3 ਪਦਮਪੁਰ ਰਾਜਸਥਾਨ, ਗੰਗਾ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਚਾਨਣਧਾਮ ਥਾਣਾ ਪਦਮਪੁਰ ਰਾਜਸਥਾਨ ਸ਼ਾਮਲ ਹਨ। ਜਿਨ੍ਹਾਂ 'ਚੋਂ ਦੋਸ਼ੀ ਅਮਨਦੀਪ ਸਿੰਘ, ਦਵਿੰਦਰ ਸਿੰਘ, ਪ੍ਰਗਟ ਸਿੰਘ ਤੇ ਸੁਖਪਾਲ ਸਿੰਘ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ ਅਤੇ ਦੋਸ਼ੀ ਅਮਨਦੀਪ ਪਾਸੋਂ ਇਕ ਰਿਲਾਵਰ ਬਰਾਮਦ ਕੀਤਾ ਗਿਆ ਹੈ। 

ਜਲਾਲਾਬਾਦ ਵਿਖੇ ਆਈ. ਜੀ. ਐਮ.ਐਸ. ਛੀਨਾ ਤੇ ਐਸ.ਐਸ.ਪੀ. ਦੀਪਕ ਹਿਲੋਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਅਮਨਦੀਪ ਸਿੰਘ ਜੋ ਇਸ ਸਾਰੀ ਪਲਾਨਿੰਗ ਦਾ ਮਾਸਟਰ ਮਾਈਡ ਸੀ, ਨੇ ਦੱਸਿਆ ਕਿ ਉਨ੍ਹਾਂ ਵਲੋਂ ਬਣਾਈ ਗਈ ਪਲਾਨਿੰਗ ਮੁਤਾਬਕ 18 ਅਪ੍ਰੈਲ ਦੀ ਸ਼ਾਮ ਨੂੰ ਕਾਰ ਸਵਿਫਟ ਡਿਜ਼ਾਇਰ ਜਲਾਲਾਬਾਦ ਫਿਰੋਜ਼ਪੁਰ ਰੋਡ 'ਤੇ ਲੱਕੜ ਦੇ ਆਰੇ ਨੇੜੇ ਖੜੀ ਕਰਕੇ ਉਸ ਦਾ ਬੋਨਟ ਚੁੱਕ ਦਿੱਤਾ ਤਾਂ ਜੋ ਆਉਣ ਜਾਣ ਵਾਲੇ ਰਾਹੀਗੀਰਾਂ ਨੂੰ ਇਸ ਤਰ੍ਹਾਂ ਲੱਗੇ ਕਿ ਕਾਰ ਖਰਾਬ ਹੋਈ ਹੈ।

ਪਲਾਨਿੰਗ ਮੁਤਾਬਕ ਜਦੋਂ ਮ੍ਰਿਤਕ ਸੁਮਨ ਮੁਟਨੇਜਾ ਆਪਣੀ ਕਾਰ ਆਈ-20 'ਤੇ ਉਨ੍ਹਾਂ ਪਾਸੋਂ ਲੰਘਣ ਲੱਗਿਆ ਤਾਂ ਦੋਸ਼ੀਆਂ ਨੇ ਹੱਥ ਦੇ ਕੇ ਉਸ ਦੀ ਕਾਰ ਨੂੰ ਰੋਕ ਲਿਆ ਤੇ ਉਸਦੀ ਕਾਰ 'ਚ ਬੈਠ ਗਏ ਤੇ ਉਸ ਨੂੰ ਅਗਵਾ ਕਰਕੇ ਲੈ ਗਏ। ਬਾਅਦ 'ਚ ਉਸ ਦੀ ਕਾਰ ਤੇ ਸੁਮਨ ਕੁਮਾਰ ਮੁਟਨੇਜਾ ਨੂੰ ਮਾਰ ਕੇ ਉਸ ਦੇ ਹੱਥ-ਪੈਰ ਬੰਨ•ਕੇ ਉਸ ਨੂੰ ਗੰਗ ਨਹਿਰ 'ਚ ਸੁੱਟ ਦਿੱਤਾ ਤੇ ਉਹ ਰਾਜਸਥਾਨ ਚਲੇ ਗਏ। ਉਨ੍ਹਾਂ ਵਲੋਂ ਦੋ ਵੱਖ-ਵੱਖ ਥਾਵਾਂ 'ਤੇ ਫੋਨ ਰਾਹੀਂ ਪਰਿਵਾਰਕ ਮੈਂਬਰਾਂ ਤੋਂ ਫਿਰੋਤੀ ਦੀ ਮੰਗ ਕਰਦੇ ਰਹੇ। ਉਨ੍ਹਾਂ ਦੱਸਿਆ ਕਿ ਦੋਸ਼ੀ ਦਵਿੰਦਰ ਸਿੰਘ ਹੀ ਸਾਰੇ ਮਾਮਲੇ ਦੀ ਜਾਣਕਾਰੀ ਦੋਸ਼ੀਆਂ ਤੱਕ ਪਹੁੰਚਾ ਰਿਹਾ ਸੀ ਤੇ ਅਮਨਦੀਪ ਪਹਿਲਾ ਜਿੱਥੇ ਰਾਜਸਥਾਨ 'ਚ ਰਿਹਾ ਤੇ ਬਾਅਦ 'ਚ ਦਵਿੰਦਰ ਦੇ  ਘਰ ਠਹਿਰਿਆ ਹੋਇਆ ਸੀ, ਜਿੱਥੋਂ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।