ਸੁਮੇਧ ਸਿੰਘ ਸੈਣੀ ਨੂੰ ਨਹੀਂ ਪੰਜਾਬ ਪੁਲਸ ''ਤੇ ਭਰੋਸਾ, ਪੁੱਜੇ ਹਾਈਕੋਰਟ

10/11/2018 9:29:42 AM

ਚੰਡੀਗੜ੍ਹ : ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਖਿਲਾਫ ਕਾਰਵਾਈ ਦੀ ਸਿਫਾਰਿਸ਼ ਤੋਂ ਬਾਅਦ ਸੈਣੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਨੇ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਪੰਜਾਬ ਪੁਲਸ ਕੋਲੋਂ ਨਾ ਕਰਵਾਈ ਜਾਵੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਮੇਧ ਸਿੰਘ ਸੈਣੀ ਨੇ ਆਪਣੇ ਖਿਲਾਫ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਏ ਜਾਣ ਦੀ ਵੀ ਮੰਗ ਕੀਤੀ ਹੈ ਅਤੇ ਉਹ ਸੀ. ਬੀ. ਆਈ. ਵੀ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਸੁਮੇਧ ਸਿੰਘ ਸੈਣੀ ਦਾ ਨਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਪੇਸ਼ ਕੀਤੀ ਜਾਂਚ ਰਿਪੋਰਟ 'ਚ ਸਾਹਮਣੇ ਆਇਆ ਹੈ। 3 ਸਾਲ ਪਹਿਲਾਂ ਪੁਲਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਗਟ ਕਰ ਰਹੇ ਸਿੱਖਾਂ 'ਤੇ ਕੋਟਕਪੂਰਾ 'ਚ ਗੋਲੀ ਚਲਾ ਦਿੱਤੀ ਸੀ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਇਸ ਦੇ ਲਈ ਤਤਕਾਲੀ ਪੁਲਸ ਮੁਖੀ ਸੁਮੇਧ ਸਿੰਘ ਸੈਣੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਘਟਨਾ ਲਈ ਸੈਣੀ ਤੋਂ ਇਲਾਵਾ ਕਮਿਸ਼ਨ ਨੇ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ, ਡੀ. ਆਈ. ਜੀ. ਅਮਰ ਸਿੰਘ ਚਾਹਲ ਅਤੇ ਤਿੰਨ ਐੱਸ. ਐੱਸ. ਪੀਜ਼ ਨੂੰ ਵੀ ਦੋਸ਼ੀ ਮੰਨਿਆ ਹੈ।