ਪੁੱਤਰ ਦੇ ਦੁੱਖ ''ਚ ਪਾਗਲ ਹੋਈ ਮਾਂ 8 ਸਾਲਾਂ ਤੋਂ ਹਨੇਰੇ ਕਮਰੇ ''ਚ ਕੈਦ, ਮੰਜ਼ਰ ਦੇਖ ਝੰਜੋੜੇ ਗਏ ਦਿਲ (ਵੀਡੀਓ)

06/04/2018 6:36:44 PM

ਕਪੂਰਥਲਾ/ਸੁਲਤਾਨਪੁਰ ਲੋਧੀ— ਇਕ ਗਰੀਬੀ, ਦੂਜਾ ਦੁੱਖ ਅਤੇ ਤੀਜਾ ਧੀ ਦੀ ਇਹ ਹਾਲਤ, ਇਹ ਮੰਜ਼ਰ  ਸੁਲਤਾਨਪੁਰ ਲੋਧੀ 'ਚ ਇਕ ਭੀੜੀ ਗਲੀ ਦੇ ਅੰਤ 'ਚ ਵਸੇ ਕੱਚੇ ਘਰ ਦੇ ਉਸ ਹਨੇਰੇ ਕਮਰੇ ਦਾ ਹੈ, ਜਿੱਥੇ ਬੀਤੇ 8 ਸਾਲਾਂ ਤੋਂ ਇਕ ਜ਼ਿੰਦਗੀ ਕੈਦ ਸੀ। ਇਸ ਕਮਰੇ 'ਚ ਰਮਨ ਨੂੰ ਕਿਸੇ ਨੇ ਡੱਕਿਆ ਨਹੀਂ ਸਗੋਂ ਇਹ ਕੈਦ ਉਸ ਨੇ ਖੁਦ ਬਣਾਈ ਸੀ। ਗੁਆਂਢੀਆਂ ਵੱਲੋਂ ਪਹਿਲ ਕੀਤੇ ਜਾਣ 'ਤੇ ਜਦੋਂ ਸਮਾਜਿਕ ਸੰਸਥਾ ਰਮਨ ਨੂੰ ਇਸ ਕੈਦ 'ਚੋਂ ਰਿਹਾਅ ਕਰਵਾਉਣ ਲਈ ਪੁੱਜੀ ਤਾਂ ਜੋ ਮੰਜ਼ਰ ਉਨ੍ਹਾਂ ਦੇਖਿਆ, ਉਸ ਨੇ ਸਭ ਨੂੰ ਝੰਜੋੜ ਦਿੱਤਾ। ਸਮਾਜ ਸੇਵੀ ਸੰਸਥਾ ਦੀ ਮੈਂਬਰ ਭਾਵਨਾ ਸ਼ਰਮਾ ਨੇ ਦੱਸਿਆ ਕਿ ਮਾਨਸਿਕ ਸੰਤੁਲਨ ਗੁਆ ਚੁੱਕੀ ਰਮਨ ਬਾਕੀ ਇਨਸਾਨਾਂ ਦੇ ਕੋਲ ਜਾਣਾ ਪਸੰਦ ਨਹੀਂ ਕਰ ਰਹੀ ਸੀ। ਇਕ ਜਗ੍ਹਾ ਪਈ ਰਹਿਣ ਕਾਰਨ ਉਸ ਦੇ ਪਿੱਠ 'ਤੇ ਜ਼ਖਮ ਹੋ ਚੁੱਕੇ ਸਨ ਪਰ ਉਹ ਫਿਰ ਵੀ ਇਸ ਕੈਦ ਨੂੰ ਤਿਆਗਣ ਨੂੰ ਤਿਆਰ ਨਹੀਂ ਸੀ। 


ਰਮਨ ਦੇ ਪਿਤਾ ਤਰਸੇਮ ਲਾਲ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਝਗੜੇ ਦੇ ਚੱਲਦੇ ਰਮਨ ਦੇ ਪਤੀ ਨੇ ਉਸ ਨੂੰ ਛੱਡ ਦਿੱਤਾ ਸੀ ਪਰ ਉਸ ਦੇ ਬੇਟੇ ਨੂੰ ਆਪਣੇ ਕੋਲ ਰੱਖ ਲਿਆ। ਬੇਟੇ ਦਾ ਦੁੱਖ ਉਹ ਸਹਿਣ ਨਾ ਕਰ ਸਕੀ ਅਤੇ ਪਾਗਲ ਹੋ ਗਈ। ਗਰੀਬੀ ਦੇ ਚੱਲਦੇ ਪਰਿਵਾਰ ਉਸ ਦਾ ਇਲਾਜ ਨਾ ਕਰਵਾ ਸਕਿਆ ਅਤੇ ਇਸ ਹਨੇਰੇ ਕਮਰੇ 'ਚ ਉਹ ਆਪਣੀ ਧੀ ਨੂੰ ਘੁੱਟਦੇ ਦੇਖਦੇ ਰਹੇ। 


ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਰਮਨ ਨੂੰ ਕਪੂਰਥਲਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਗੁਆਂਢੀਆਂ ਨੇ ਅਪੀਲ ਕੀਤੀ ਹੈ ਕਿ ਹੋਰ ਸੰਸਥਾਵਾਂ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਇਲਾਜ ਪੂਰਾ ਕੀਤਾ ਜਾ ਸਕੇ ਅਤੇ ਰਮਨ ਦੀ ਹਨੇਰੀ ਜ਼ਿੰਦਗੀ 'ਚ ਚਾਨਣ ਭਰਿਆ ਜਾ ਸਕੇ।