ਰੂਹਾਨੀਅਤ ਦੇ ਰੰਗ 'ਚ ਰੰਗੀ ਸੰਗਤ ਨੇ ਕੀਤਾ ਧੰਨ ਗੁਰੂ ਨਾਨਕ ਦਾ ਜਾਪ (ਵੀਡੀਓ)

11/05/2019 12:12:25 PM

ਸੁਲਤਾਨਪੁਰ ਲੋਧੀ (ਧੀਰ, ਜੋਸ਼ੀ, ਸੋਢੀ) : ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਹੇਠ ਅੱਜ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ 'ਤੇ ਵੇਈਂ ਦੇ ਕੰਢੇ ਸ਼ੁਰੂ ਹੋਏ ਆਪਣੀ ਕਿਸਮ ਦੇ ਨਿਵੇਕਲੇ ਆਵਾਜ਼ ਅਤੇ ਰੌਸ਼ਨੀ ਦੇ ਸੁਮੇਲ ਵਾਲੇ ਗ੍ਰੈਂਡ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਦਾ ਵੱਡੀ ਗਿਣਤੀ ਸੰਗਤ ਨੇ ਸ਼ਰਧਾ ਪੂਰਵਕ ਆਨੰਦ ਮਾਣਿਆ।

15 ਨਵੰਬਰ ਦੀ ਰਾਤ ਤਕ ਚੱਲਣ ਵਾਲੇ ਇਸ ਅਤਿ-ਪ੍ਰਭਾਵਸ਼ਾਲੀ ਤੇ ਅਲੌਕਿਕ ਸ਼ੋਅ ਦੀ ਸ਼ੁਰੂਆਤ ਮੌਕੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਆਪਣੀ ਹਾਜ਼ਰੀ ਲਵਾਈ, ਜਦੋਂਕਿ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਨੇ ਗੁਰੂ ਨਾਨਕ ਦੀ ਸਿਫ਼ਤ ਅਤੇ ਸੂਫ਼ੀਆਨਾ ਕਲਾਮ ਪੇਸ਼ ਕਰ ਕੇ ਸੰਗਤ ਨੂੰ ਮੰਤਰ ਮੁਗਧ ਕੀਤਾ। ਪੰਜਾਬ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਕਰਵਾਏ ਗਏ ਇਸ ਲਾਈਟ ਐਂਡ ਸਾਊਂਡ ਦੇ ਇਸ ਆਲੌਕਿਕ ਸ਼ੋਅ ਦੌਰਾਨ ਡਿਜੀਟਲ ਤਕਨੀਕਾਂ ਤੇ ਲੇਜ਼ਰ ਸ਼ੋਅ ਜ਼ਰੀਏ ਸੰਗਤਾਂ ਦੇ ਠਾਠਾਂ ਮਾਰਦੇ ਪ੍ਰਭਾਵਸ਼ਾਲੀ ਇਕੱਠ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਪਦੇਸ਼ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਗਿਆ। ਰੂਹਾਨੀਅਤ ਦੇ ਰੰਗ ਵਿਚ ਰੰਗੇ ਸੁਲਤਾਨਪੁਰ ਲੋਧੀ ਪੁੱਜੀ ਸੰਗਤ ਨੇ ਇਸ ਸ਼ੋਅ ਦੀ ਭਰਵੀਂ ਸ਼ਲਾਘਾ ਕਰਦਿਆਂ ਧੰਨ ਗੁਰੂ ਨਾਨਕ ਦਾ ਜਾਪ ਕੀਤਾ।

ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਅਨਿੰਦਿੱਤਾ ਮਿੱਤਰਾ ਨੇ ਦੱਸਿਆ ਕਿ 4 ਤੋਂ 9 ਨਵੰਬਰ ਤਕ ਅਤੇ ਫਿਰ 13 ਤੋਂ 15 ਨਵੰਬਰ ਤਕ ਸ਼ੋਅ ਸ਼ਾਮ 7 ਵਜੇ ਸ਼ੁਰੂ ਹੋ ਕੇ ਰਾਤ 9.15 ਵਜੇ ਤਕ ਚੱਲਣਗੇ, ਜਦਕਿ ਸੰਗਤਾਂ ਦੀ ਵੱਡੀ ਗਿਣਤੀ ਆਮਦ ਸਮੇਂ 11, 12 ਤੇ 13 ਨਵੰਬਰ ਨੂੰ ਇਹ ਸ਼ੋਅ ਸ਼ਾਮ 7 ਵਜੇ ਤੋਂ ਰਾਤ 10.30 ਤਕ ਹੋਣਗੇ। ਸੰਗਤਾਂ ਨੂੰ ਇਸ ਮੁਫ਼ਤ ਦਾਖਲੇ ਵਾਲੇ ਲਾਮਿਸਾਲ ਸ਼ੋਅ ਦਾ ਆਨੰਦ ਮਾਣਨ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਡੀ. ਪੀ. ਐੱਸ. ਖਰਬੰਦਾ ਨੇ ਕਿਹਾ ਕਿ ਸ਼ੋਅ ਦੌਰਾਨ 5000 ਤੋਂ ਜ਼ਿਆਦਾ ਲੋਕਾਂ ਦੇ ਬੈਠਣ ਲਈ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਪ੍ਰਸਿੱਧ ਗਾਇਕ ਲਖਵਿੰਦਰ ਵਡਾਲੀ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।

ਸ਼ੋਅ ਦੌਰਾਨ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਵਿਧਾਇਕ ਨਵਤੇਜ ਸਿੰਘ ਚੀਮਾ, ਮੰਡੀ ਬੋਰਡ ਦੇ ਉਪ ਚੇਅਰਮੈਨ ਵਿਜੇ ਕਾਲੜਾ, ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ. ਸ਼ਿਵਾ ਪ੍ਰਸ਼ਾਦ, ਸੈਰ ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਗੁਰਕਿਰਤ ਕਿਰਪਾਲ ਸਿੰਘ, ਡਾਇਰੈਕਟਰ ਟੂਰਿਜ਼ਮ ਤੇ ਸੱਭਿਆਚਾਰਕ ਮਾਮਲੇ ਮਲਵਿੰਦਰ ਸਿੰਘ ਜੱਗੀ, ਐੱਸ. ਐੱਸ. ਪੀ. ਸਤਿੰਦਰ ਸਿੰਘ ਅਤੇ ਵੱਡੀ ਗਿਣਤੀ ਹੋਰ ਧਾਰਮਿਕ, ਰਾਜਸੀ ਤੇ ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਦੂਰ ਦੁਰਾਡੇ ਤੋਂ ਪੁੱਜੀ ਸੰਗਤ ਵੀ ਮੌਜੂਦ ਸੀ।

ਗੁਰੂ ਨਾਨਕ ਦੇਵ ਜੀ ਨੇ ਨਫ਼ਰਤ ਨਾਲ ਸੜਦੇ-ਬਲਦੇ ਜਗਤ ਜਲੰਦੇ ਨੂੰ ਠਾਰਨ ਲਈ ਉਪਦੇਸ਼ ਦਿੱਤਾ : ਆਸ਼ੂ
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਗੁਰੂ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾ ਰਹੇ ਹਾਂ, ਜਿਸ ਲਈ ਸਾਨੂੰ ਇਸ ਪਾਵਨ ਮੌਕੇ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਨਫ਼ਰਤ ਦੀ ਅੱਗ ਨਾਲ ਸੜਦੇ-ਬਲਦੇ ਜਗਤ ਜਲੰਦੇ ਨੂੰ ਠਾਰਨ ਲਈ ਗੁਰੂ ਸਾਹਿਬ ਵੱਲੋਂ ਦਿੱਤੇ ਉਪਦੇਸ਼ਾਂ ਮੁਤਾਬਕ ਜੀਵਨ ਜਾਚ ਸਿੱਖਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਵੱਲੋਂ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਉਪਦੇਸ਼ ਮੁਤਾਬਕ ਵਾਤਾਵਰਣ ਬਚਾਉਣ, ਧੀ-ਭੈਣ ਦਾ ਸਤਿਕਾਰ ਕਾਇਮ ਰੱਖਣ, ਨੀਵੇਂ ਅਤੇ ਦੱਬੇ ਕੁਚਲੇ ਵਰਗ ਦੇ ਨਾਲ ਖੜ੍ਹਨ, ਆਪਸੀ ਵਿਚਾਰ ਵਟਾਂਦਰੇ ਨਾਲ ਭੇਦਭਾਵ ਮਿਟਾਉਣ ਅਤੇ ਸ਼ਬਦ ਗੁਰੂ ਦੇ ਲੜ ਲੱਗ ਕੇ ਗਿਆਨ ਤੇ ਵਿਗਿਆਨ ਨੂੰ ਜੀਵਨ ਦਾ ਆਧਾਰ ਬਣਾਉਣਾ ਚਾਹੀਦਾ ਹੈ।

ਸੰਗਤਾਂ ਨੇ ਇਸ ਤਰ੍ਹਾਂ ਪ੍ਰਗਟਾਈ ਆਪਣੀ ਪ੍ਰਤੀਕਿਰਿਆ
ਇਸ ਦੌਰਾਨ ਸੰਗਤ ਵਿਚ ਸ਼ਾਮਲ ਇਕ ਬੀਬੀ ਰਾਜ ਕੌਰ ਨੇ ਦੱਸਿਆ ਕਿ ਉਸਨੇ ਅਜਿਹਾ ਸ਼ੋਅ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਹੈ ਅਤੇ ਉਸਨੂੰ ਇੰਜ ਪ੍ਰਤੀਤ ਹੋ ਰਿਹਾ ਸੀ ਜਿਵੇਂ ਗੁਰੂ ਸਾਹਿਬ ਖ਼ੁਦ ਸਾਹਮਣੇ ਖੜ੍ਹੇ ਹੋ ਕੇ ਉਪਦੇਸ਼ ਦੇ ਰਹੇ ਸਨ। ਮਾਲਵੇ ਦੇ ਇਕ ਪਿੰਡ ਤੋਂ ਆਏ ਇਕ ਬਜ਼ੁਰਗ ਗੁਰਮੁੱਖ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਗੁਰੂ ਸਾਹਿਬ ਦਾ ਇਹ ਗੁਰਪੁਰਬ ਉਸਦੇ ਜੀਵਨ 'ਚ ਆਉਣ ਨਾਲ ਉਹ ਆਪਣੇ ਜੀਵਨ ਨੂੰ ਸਫ਼ਲ ਹੋਇਆ ਮੰਨ ਰਿਹਾ ਹੈ। ਜਦੋਂਕਿ ਦਿੱਲੀ ਦੀ ਜਨਕਪੁਰੀ ਤੋਂ ਆਏ ਇਕ ਨੌਜਵਾਨ ਸਮੇਤ ਕੁਝ ਹੋਰ ਨੌਜਵਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪੁਖ਼ਤਾ ਪ੍ਰਬੰਧ ਦੇਖ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ।

cherry

This news is Content Editor cherry