ਸੰਗਤਾਂ ਦੀ ਖਿੱਚ ਦਾ ਕੇਂਦਰ ਬਣਿਆ ਫੁੱਲਾਂ ਨਾਲ ਬਣਾਇਆ ੴਤੇ 'ਸਭ ਤੋਂ ਵੱਡਾ ਸਤਿਗੁਰੁ ਨਾਨਕੁ'

11/09/2019 1:48:32 PM

ਸੁਲਤਾਨਪੁਰ ਲੋਧੀ (ਸੋਢੀ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਬੀਬੀ ਜਗੀਰ ਕੌਰ ਦੀ ਦੇਖ-ਰੇਖ ਹੇਠ ਖੁਸ਼ਬੂਦਾਰ ਫੁੱਲਾਂ ਨਾਲ ਕਈ ਤਰ੍ਹਾਂ ਦੇ ਆਕਾਰ ਬਣਾਏ ਗਏ। ਇਸ ਦੌਰਾਨ ਸੰਗਤਾਂ ਦੇ ਸਹਿਯੋਗ ਨਾਲ ਰੰਗ-ਬਿਰੰਗੇ ਫੁੱਲਾਂ ਨਾਲ ਬਣਾਏ ਗਏ“'ਸਭ ਤੋਂ ਵੱਡਾ ਸਤਿਗੁਰੂ ਨਾਨਕੁ' ਅਤੇ ੴ ਵਿਸ਼ੇਸ਼ ਖਿੱਚ ਅਤੇ ਸ਼ਰਧਾ ਦਾ ਕੇਂਦਰ ਬਣੇ ਹੋਏ ਹਨ। ਇਸ ਮੌਕੇ ਪਟਿਆਲਾ ਤੋਂ ਆਏ ਇਕ ਸ਼ਰਧਾਲੂ ਸਿੱਖ ਵਲੋਂ ਗੁਰਦੁਆਰਾ ਬੇਰ ਸਾਹਿਬ ਕੰਪਲੈਕਸ 'ਚ 13 ਫੁੱਟ ਉੱਚੇ ਤੇ 13 ਫੁੱਟ ਲੰਬੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ ਸੰਗਤਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਜਾ ਰਿਹਾ ਹੈ। ਇਸ 'ਤੇ ਨਿਸ਼ਾਨ ਸਾਹਿਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵੱਡੇ ਅੱਖਰਾਂ 'ਚ ਛਪਿਆ ਹੋਇਆ ਹੈ ।

ਵੱਖ-ਵੱਖ ਥਾਵਾਂ ਤੋਂ ਪੁੱਜੇ ਸ਼ਰਧਾਲੂ ਇੱਥੇ ਵੱਡੇ ਅਤੇ ਲੰਬੇ ਚੌੜੇ ਨਿਸ਼ਾਨ ਸਾਹਿਬ ਨਾਲ ਸੈਲਫੀਆਂ ਲੈ ਰਹੇ ਹਨ ਅਤੇ ਪਰਿਵਾਰਕ ਯਾਦਗਾਰੀ ਫੋਟੋਆਂ ਖਿੱਚਵਾ ਰਹੇ ਹਨ। ਇਸ ਸਮੇਂ ਪਰਿਵਾਰਕ ਫੋਟੋ ਖਿੱਚ ਰਹੇ ਗੁਰਦਾਸਪੁਰ ਦੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ 550ਵਾਂ ਪ੍ਰਕਾਸ਼ ਪੁਰਬ ਮੌਕੇ ਰੁਹਾਨੀਅਤ ਦੇ ਰੰਗ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਰੰਗਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਉਹ ਪਰਿਵਾਰ ਸਮੇਤ ਇੱਥੇ ਕੱਲ੍ਹ ਆਏ ਸਨ। ਇਸ ਤੋਂ ਇਲਾਵਾ ਕੀਨੀਆਂ ਤੋਂ ਆਏ ਇਕ ਸ਼ਰਧਾਲੂ ਨੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮੰਨ ਫੁੱਲਾਂ ਨਾਲ ਸਜੇ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਗਦਗਦ ਹੋ ਗਿਆ ਹੈ । ਉਹ ਸ੍ਰੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਛੋਹ ਪ੍ਰਾਪਤ ਮਿੱਟੀ 'ਤੇ ਵੱਖ-ਵੱਖ ਯਾਦਗਾਰੀ ਤਸਵੀਰਾਂ ਲੈ ਕੇ ਜਾਵਾਂਗੇ।

ਅਮਰੀਕਾ ਤੋਂ ਉਚੇਚੇ ਤੌਰ 'ਤੇ ਆਪਣੇ ਵਤਨ ਪੁੱਜੇ ਇੰਟਰਨੈਸ਼ਨਲ ਢਾਡੀ ਗਿਆਨੀ ਸੁਰਜੀਤ ਸਿੰਘ ਸਫਰੀ ਨੇ ਦੱਸਿਆ ਕਿ ਪਾਵਨ ਨਗਰੀ ਸੁਲਤਾਨਪੁਰ ਲੋਧੀ ਨਾਲ ਉਨ੍ਹਾਂ ਦੀ ਪੁਰਾਣੀ ਸਾਂਝ ਹੈ ਅਤੇ ਉਹ ਪੂਰੀ ਦੁਨੀਆ ਦੇ ਰਹਿਬਰ ਸਤਿਗੁਰੂ ਪਾਤਸ਼ਾਹ ਦੇ 550 ਸਾਲਾ ਪ੍ਰਕਾਸ ਪੁਰਬ ਮਨਾਉਣ ਲਈ ਭਾਰਤ ਆਏ ਹਨ ।ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਾਬਕਾ ਰਾਗੀ ਭਾਈ ਜਰਨੈਲ ਸਿੰਘ, ਜੋ ਲੰਬੇ ਅਰਸੇ ਤੋਂ ਅਮਰੀਕਾ ਰਹਿੰਦੇ ਹਨ, ਉਹ ਵੀ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਸੁਲਤਾਨਪੁਰ ਲੋਧੀ ਪਹੁੰਚੇ ਹਨ, ਜਿਨ੍ਹਾਂ ਨੇ ਜਗਬਾਣੀ ਨਾਲ ਗੱਲਬਾਤ ਹੋਏ ਕਿਹਾ ਕਿ ਸਾਨੂੰ ਸੁਲਤਾਨਪੁਰ ਲੋਧੀ ਦੇ ਦਰਸ਼ਨ ਕਰਕੇ ਇਵੇਂ ਲਗਦਾ ਹੈ ਜਿਵੇਂ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਲਏ ਹੋਣ। ਇਸੇ ਤਰ੍ਹਾਂ ਯੂਕੇ ਤੋਂ ਨਿਰਮਲ ਸਿੰਘ ਜੋਸਣ, ਯੂ.ਕੇ ਤੋਂ ਬਲਜਿੰਦਰ ਸਿੰਘ ਜੈਨਪੁਰ ਅਤੇ ਹਰਭਜਨ ਸਿੰਘ ਢਿੱਲੋਂ ਕੈਨੇਡਾ ਤੋਂ ਪਰਿਵਾਰ ਸਮੇਤ ਸੁਲਤਾਨਪੁਰ ਲੋਧੀ ਪਹੁੰਚੇ ਹੋਏ ਹਨ।

rajwinder kaur

This news is Content Editor rajwinder kaur