550 ਸਾਲਾ ਪ੍ਰਕਾਸ਼ ਪੁਰਬ ਮੌਕੇ ਰੇਲ ਮੰਤਰਾਲੇ ਦਾ ਸੁਲਤਾਨਪੁਰ ਲੋਧੀ ਲਈ ਵੱਡਾ ਤੋਹਫਾ

07/13/2019 12:40:48 PM

ਸੁਲਤਾਨਪੁਰ ਲੋਧੀ (ਧੀਰ)— ਪਾਵਨ ਨਗਰੀ ਸੁਲਤਾਨਪੁਰ ਲੋਧੀ ਵਾਸੀਆਂ ਨੂੰ 550 ਸਾਲਾ ਗੁਰਪੁਰਬ ਮੌਕੇ ਇਕ ਹੋਰ ਨਵੀਂ ਅਤੇ ਵਧੀਆ ਖੁਸ਼ਖਬਰੀ ਉਸ ਸਮੇਂ ਸੁਣਨ ਨੂੰ ਮਿਲੀ, ਜਦੋਂ ਰੇਲਵੇ ਮੰਤਰਾਲੇ ਨੇ ਸੁਲਤਾਨਪੁਰ ਲੋਧੀ ਤੋਂ ਨਵੀਂ ਦਿੱਲੀ ਲਈ ਵਾਇਆ ਲੋਹੀਆਂ ਖਾਸ ਤੱਕ ਟਰੇਨ ਨੂੰ ਚੱਲਣ ਦੀ ਮਨਜ਼ੂਰੀ ਦੇ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਸ਼ਨ ਸੁਪਰਡੈਂਟ ਰਾਜਬੀਰ ਸਿੰਘ ਨੇ ਦੱਸਿਆ ਕਿ ਰੇਲ ਮੰਤਰਾਲੇ ਨੇ ਫਿਰੋਜ਼ਪੁਰ ਉੱਤਰ ਰੇਲਵੇ ਡਿਵੀਜ਼ਨ 'ਚ ਨਿਊ ਦਿੱਲੀ ਫਿਰੋਜ਼ਪੁਰ ਲੋਹੀਆਂ ਟਰੇਨ ਨੂੰ 12037 ਨੂੰ ਸੁਪਰਫਾਸਟ ਇੰਟਰਸਿਟੀ ਐਕਸਪ੍ਰੈੱਸ ਦਾ ਨਾਂ ਦੇ ਕੇ ਇਸ ਨੂੰ 4 ਅਕਤੂਬਰ 2019 ਤੋਂ ਪ੍ਰਵਾਨਗੀ ਦੇ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਇਹ ਟਰੇਨ ਨੰ. 12037 ਜੋ 4.10.2019 ਸਵੇਰੇ 7 ਵਜੇ ਨਵੀਂ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਲੁਧਿਆਣਾ ਜਲੰਧਰ ਹੁੰਦੇ ਹੋਏ ਇਹ ਟਰੇਨ ਦੁਪਹਿਰ ਨੂੰ 2 ਵਜ ਕੇ 38 ਮਿੰਟ 'ਤੇ ਸੁਲਤਾਨਪੁਰ ਲੋਧੀ ਪੁੱਜੇਗੀ ਅਤੇ 2 ਵਜ ਕੇ 40 ਮਿੰਟ 'ਤੇ ਲੋਹੀਆਂ ਲਈ ਰਵਾਨਾ ਹੋਵੇਗੀ। ਲੋਹੀਆਂ ਖਾਸ ਜੰਕਸ਼ਨ ਤੋਂ ਇਹ ਟਰੇਨ ਦੋਬਾਰਾ ਨੰ. 12038 ਲੋਹੀਆਂ ਤੋਂ 3 ਵਜ ਕੇ 35 ਮਿੰਟ 'ਤੇ ਚੱਲੇਗੀ ਅਤੇ ਸੁਲਤਾਨਪੁਰ ਲੋਧੀ ਤੋਂ 3 ਵਜ ਕੇ 43 ਮਿੰਟ 'ਤੇ ਨਵੀਂ ਦਿੱਲੀ ਲਈ ਰਵਾਨਾ ਹੋਵੇਗੀ। ਉਨ੍ਹਾਂ ਦਸਿਆ ਕਿ ਇਹ ਟਰੇਨ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਸਿੱਧੀ ਜਲੰਧਰ ਰੁਕੇਗੀ ਅਤੇ ਰਾਤ 11 ਵਜੇ ਨਵੀਂ ਦਿੱਲੀ ਪਹੁੰਚੇਗੀ। ਸਟੇਸ਼ਨ ਸੁਪਰਡੈਂਟ ਰਾਜਬੀਰ ਸਿੰਘ ਨੇ ਦਸਿਆ ਕਿ ਇਹ ਟਰੇਨ ਹਫਤੇ 'ਚ 2 ਦਿਨ ਨਹੀਂ ਚੱਲੇਗੀ। ਇਹ ਟਰੇਨ ਹਫਤੇ 'ਚ ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਤੇ ਐਤਵਾਰ ਨੂੰ ਨਵੀਂ ਦਿੱਲੀ ਲਈ ਜਾਵੇਗੀ।

ਗੌਰਤਲਬ ਹੈ ਕਿ ਹਲਕਾ ਸੁਲਤਾਨਪੁਰ ਲੋਧੀ ਵਾਸੀਆਂ ਦੀ ਇਸ ਪਾਵਨ ਨਗਰੀ ਦੀ ਇਤਿਹਾਸਕ ਮਹੱਤਤਾ ਨੂੰ ਦੇਖਦਿਆਂ ਇਥੋਂ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਸੁਲਤਾਨਪੁਰ ਲੋਧੀ ਤੋਂ ਨਵੀਂ ਦਿੱਲੀ ਲਈ ਸਿੱਧੀ ਕੋਈ ਰੇਲ ਗੱਡੀ ਚਲਾਉਣ ਦੀ ਮੰਗ ਕੀਤੀ ਜਾ ਰਹੀ ਸੀ ਕਿ ਕਿਉਂਕਿ ਪਹਿਲਾਂ ਨਵੀਂ ਦਿੱਲੀ ਜਾਣ ਲਈ ਸੁਲਤਾਨਪੁਰ ਲੋਧੀ ਤੋਂ ਜਲੰਧਰ ਜਾਣਾ ਪੈਂਦਾ ਸੀ। ਇਸ ਵਰ੍ਹੇ ਇਸ ਪਾਵਨ ਨਗਰੀ 'ਚ 550 ਸਾਲਾ ਗੁਰਪੁਰਬ 'ਤੇ ਵਿਸ਼ਵ ਪੱਧਰੀ ਸਮਾਗਮ ਹੋ ਰਿਹਾ ਹੈ, ਜਿਸ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਸੰਗਤਾਂ ਨੇ ਇਥੇ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਆਉਣਾ ਹੈ, ਜਿਸ ਕਾਰਣ ਜਿੱਥੇ ਇਹ ਟਰੇਨ ਦੇ ਚੱਲਣ ਨਾਲ ਲੰਮੇ ਸਮੇਂ ਤੋਂ ਚੱਲ ਰਹੀ ਪਾਵਨ ਨਗਰੀ ਨਿਵਾਸੀਆਂ ਦੀ ਮੰਗ ਪੂਰੀ ਹੋਈ ਹੈ, ਉਥੇ ਹੀ 550 ਸਾਲਾ ਗੁਰਪੁਰਬ ਮੌਕੇ ਰੇਲ ਮੰਤਰਾਲੇ ਵੱਲੋਂ ਇਹ ਪਵਿੱਤਰ ਨਗਰੀ ਨਿਵਾਸੀਆਂ ਲਈ ਬਹੁਤ ਵੱਡਾ ਤੋਹਫਾ ਹੈ। ਇਸ ਟਰੇਨ 'ਚ ਸਲੀਪਰ ਕਲਾਸ ਦੇ ਨਾਲ-ਨਾਲ ਏਅਰ ਕੰਡੀਸ਼ਨ ਕੋਚ ਵੀ ਹੋਣਗੇ।

shivani attri

This news is Content Editor shivani attri