ਵਿਸ਼ਵ ਕਬੱਡੀ ਕੱਪ ਲਈ ਸੁਲਤਾਨਪੁਰ ਲੋਧੀ ''ਚ ਤਿਆਰੀਆਂ ਜ਼ੋਰਾਂ ''ਤੇ

11/29/2019 12:13:20 PM

ਸੁਲਤਾਨਪੁਰ ਲੋਧੀ— ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸੁਲਤਾਨਪੁਰ ਲੋਧੀ 'ਚ ਵਿਸ਼ਵ ਕਬੱਡੀ ਕੱਪ ਨੂੰ ਲੈ ਕੇ ਇਹ ਪਵਿੱਤਰ ਸ਼ਹਿਰ ਸਜਣ ਲੱਗਾ ਹੈ। ਸਥਾਨਕ ਗੁਰੂ ਨਾਨਕ ਸਟੇਡੀਅਮ 'ਚ ਤਿਆਰੀਆਂ ਨੇ ਜ਼ੋਰ ਫੜ ਲਿਆ ਹੈ। ਪਹਿਲੀ ਦਸੰਬਰ ਦਿਨ ਐਤਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਆਪਣੇ ਹੱਥਾਂ ਨਾਲ ਵਿਸ਼ਵ ਕਬੱਡੀ ਦਾ ਆਗਾਜ਼ ਕਰਨਗੇ। ਉਦਘਾਟਨੀ ਸਮਾਰੋਹ 'ਚ ਪਹਿਲੇ ਦਿਨ ਚਾਰ ਮੈਚ ਹੋਣਗੇ, ਜਿਸ ਦੇ ਲਈ ਨੌ ਟੀਮਾਂ ਹਿੱਸਾ ਲੈਣਗੀਆਂ। ਗੁਰੂ ਨਾਨਕ ਸਟੇਡੀਅਮ 'ਚ ਕਬੱਡੀ ਲਈ ਮੈਦਾਨ ਤਿਆਰ ਹੋ ਚੁੱਕਾ ਹੈ। ਦੂਜੇ ਪਾਸੇ ਦਰਸ਼ਕਾਂ ਦੇ ਬੈਠਣ ਅਤੇ ਰੰਗਾਰੰਗ ਪ੍ਰੋਗਰਾਮ ਲਈ ਮੰਚ ਤਿਆਰ ਹੋ ਰਹੇ ਹਨ। ਇਸ ਤੋਂ ਇਲਾਵਾ ਸੂਬੇ ਦੇ ਮੰਤਰੀਮੰਡਲ ਸਮੇਤ ਦੂਰ-ਦਰਾਜ਼ ਤੋਂ ਪਹੁੰਚਣ ਵਾਲੇ ਮਹਿਮਾਨਾਂ ਲਈ ਵੱਖ-ਵੱਖ ਮੰਚ ਤਿਆਰ ਹੋ ਰਹੇ ਹਨ। ਇਨ੍ਹਾਂ ਨੂੰ ਧਾਰਮਿਕ ਰੰਗਤ 'ਚ ਰੰਗਿਆ ਜਾ ਰਿਹਾ ਹੈ, ਜਿਸ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਫਲਸਫੇ ਦੀ ਝਲਕ ਵੀ ਦਿਸਦੀ ਹੈ। ਸਟੇਡੀਅਮ 'ਚ ਸੁਲਤਾਨਪੁਰ ਲੋਧੀ ਨਾਲ ਸਬੰਧਤ ਸਥਾਨਕ ਕਬੱਡੀ ਖਿਡਾਰੀਆਂ ਸਮੇਤ ਹੋਰਨਾਂ ਖੇਡ ਪ੍ਰੇਮੀਆਂ ਦੇ ਲਈ ਕੁਝ ਖਾਸ ਤਿਆਰ ਹੋ ਰਿਹਾ ਹੈ।

ਵਿਸ਼ਵ ਕਬੱਡੀ ਕੱਪ ਦਾ ਉਦਘਾਟਨ ਪਹਿਲੀ ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ 'ਚ ਹੋਵੇਗਾ ਅਤੇ ਇਸ ਦਿਨ ਚਾਰ ਕਬੱਡੀ ਮੈਚ ਹੋਣਗੇ। ਟੂਰਨਾਮੈਂਟ ਦੀ ਸਮਾਪਤੀ 10 ਦਸੰਬਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਡੇਰਾ ਬਾਬਾ ਨਾਨਕ 'ਚ ਹੋਵੇਗੀ। ਡੀ. ਸੀ. ਕਪੂਰਥਲਾ ਡੀ. ਪੀ. ਐੱਸ. ਖਰਬੰਦਾ ਨੇ ਦੱਸਿਆ ਕਿ ਗ੍ਰਾਊਂਡ ਤਿਆਰ ਹੋ ਰਹੀ ਹੈ। ਸਟੇਡੀਅਮ ਦੀ ਸਜਾਵਟ, ਬੈਠਣ ਦਾ ਪ੍ਰਬੰਧ, ਟ੍ਰੈਫਿਕ, ਪਾਰਕਿੰਗ, ਸੁਰੱਖਿਆ, ਖਿਡਾਰੀਆਂ ਦੀ ਰਿਹਾਇਸ਼, ਰਿਫ੍ਰੈਸ਼ਮੈਂਟ ਅਤੇ ਆਉਣ-ਜਾਣ ਸਮੇਤ ਹੋਰਨਾਂ ਸਹੂਲਤਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਜਿੱਤ ਹਾਰ ਦੇ ਲਈ 162 ਕਬੱਡੀ ਖਿਡਾਰੀ ਭਿੜਨਗੇ, ਜਿਸ ਦੇ ਨਾਲ 72 ਹੋਰ ਸਟਾਫ ਵੀ ਸ਼ਿਕਰਤ ਕਰਨ ਲਈ ਪਹੁੰਚੇਗਾ। ਉਨ੍ਹਾਂ ਲੋਕਾਂ ਤੋਂ ਅਪੀਲ ਕੀਤੀ ਕਬੱਡੀ ਮੈਚ ਦੇਖਣ ਲਈ ਲੋਕ ਵੱਧ ਤੋਂ ਵੱਧ ਪਹੁੰਚਣ। ਮੈਚ ਸਵੇਰੇ 11 ਵਜੇ ਸ਼ੁਰੂ ਹੋ ਜਾਣਗੇ।

Tarsem Singh

This news is Content Editor Tarsem Singh