'ਆਪ' ਤੋਂ ਬਾਗੀ ਹੋਏ ਮੇਜਰ ਜਰਨੈਲ ਸਿੰਘ ਨੂੰ 'ਘਰ' ਮੋੜ ਲਿਆਏ ਖਹਿਰਾ

09/08/2018 6:42:49 PM

ਨਵਾਂਸ਼ਹਿਰ (ਮਨੋਰੰਜਨ)— ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਨੇ ਇਕ ਪਾਸੇ ਜਿੱਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਰਸਤਾ ਖੁੱਲ੍ਹਣ ਦਾ ਪਾਕਿਸਤਾਨ ਦੇ ਐਲਾਨ ਦਾ ਸੁਆਗਤ ਕੀਤਾ ਹੈ, ਉਥੇ ਹੀ ਉਨ੍ਹਾਂ ਨੇ ਸ੍ਰੀ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਪੱਕਾ ਰਸਤਾ ਬਣਾਉਣ ਦੀ ਵੀ ਮੰਗ ਕੀਤੀ। ਇਸ ਦੇ ਨਾਲ ਹੀ ਖਹਿਰਾ ਨੇ ਅੰਮ੍ਰਿਤਸਰ ਦਾ ਵਾਹਘਾ ਬਾਰਡਰ ਵੀ ਦੋਵੇਂ ਦੇਸ਼ਾਂ ਦੇ ਨਾਗਰਿਕਾਂ ਲਈ ਖੋਲ੍ਹਣ ਦੀ ਮੰਗ ਕੀਤੀ ਹੈ। ਖਹਿਰਾ ਨੇ ਕਿਹਾ ਕਿ ਇਸ ਦੇ ਖੁੱਲ੍ਹਣ ਨਾਲ ਪਾਕਿ ਅਤੇ ਭਾਰਤ ਦੇ ਕਿਸਾਨਾਂ ਸਮੇਤ ਵਪਾਰੀਆਂ ਨੂੰ ਕਾਫੀ ਲਾਭ ਹੋਵੇਗਾ। ਵਿਸ਼ੇਸ਼ ਤੌਰ 'ਤੇ ਦੋਵੇਂ ਪੰਜਾਬ ਨੂੰ ਫਾਇਦਾ ਹੋਵੇਗਾ। ਖਹਿਰਾ ਨੇ ਇਹ ਗੱਲ ਸ਼ਨੀਵਾਰ ਨੂੰ ਨਵਾਂਸ਼ਹਿਰ 'ਚ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਇਸ ਮੌਕੇ ਖਹਿਰਾ ਨੇ 'ਆਪ' ਛੱਡ 'ਆਪਣਾ ਪੰਜਾਬ' ਪਾਰਟੀ 'ਚ ਗਏ ਮੇਜਰ ਜਰਨੈਲ ਸਿੰਘ ਵੱਲੋਂ ਘਰ ਵਾਪਸੀ ਕਰਨ 'ਤੇ ਸੁਆਗਤ ਕੀਤਾ। ਇਸ ਦੇ ਨਾਲ ਹੀ ਐਲਾਨ ਕੀਤਾ ਕਿ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ੍ਹ ਕਲਾਂ 'ਚ ਸਿਆਸੀ ਰੈਲੀ ਕੀਤੀ ਜਾਵੇਗੀ। ਇਥੋਂ ਸਵਰਾਜ ਦੇ ਸਹੀ ਮਾਡਲ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। 

ਖਹਿਰਾ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ 'ਚ ਰਹਿ ਕੇ ਹੀ ਪੰਜਾਬ ਦੀ ਅਣਖ ਦੀ ਲੜਾਈ ਲੜ ਰਹੇ ਹਨ। ਇਸ ਦੇ ਲਈ ਉਹ ਪੰਜਾਬ 'ਚ ਪਾਰਟੀ ਦਾ ਵਧੀਆ ਢਾਂਚਾ, ਏਜੰਡਾ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੇ ਸੂਬੇ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਾਹਕੋਟ ਜ਼ਿਮਨੀ ਚੋਣ ਦੌਰਾਨ ਪਾਰਟੀ ਦੇ ਡਿੱਗੇ ਗ੍ਰਾਫ ਨੂੰ ਕਾਫੀ ਉੱਚਾ ਚੁੱਕਿਆ ਜਾ ਚੁੱਕਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੁਝ ਲੋਕ ਹੀ ਪਾਰਟੀ ਨੂੰ ਕਮਜ਼ੋਰ ਕਰਨ 'ਚ ਲੱਗੇ ਹੋਏ ਹਨ ਜਦਕਿ 99 ਫੀਸਦੀ ਵਰਕਰ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹਨ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਮੂਹ ਪੰਜਾਬੀਆਂ ਦੀ ਪਾਰਟੀ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸਿਰਫ ਇਕ ਟੱਬਰ ਦੀ ਪਾਰਟੀ ਹੈ, ਜੋ ਸਿਰਫ ਆਪਣੇ ਟੱਬਰ ਦੇ ਸਿਵਾਏ ਕਿਸੇ ਹੋਰ ਦਾ ਭਲਾ ਨਹੀਂ ਸੋਚ ਸਕਦੀ। ਖਹਿਰਾ ਨੇ ਸਵਰਾਜ ਦੀ ਲੜਾਈ 'ਚ ਸਮੂਹ ਪੰਜਾਬੀਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।