ਪੰਜਾਬ ''ਚ ਸਿਆਸੀ ਹੱਤਿਆਵਾਂ ਦੀ ਗੋਸਾਈਂ ਕਤਲਕਾਂਡ ਪਹਿਲੀ ਘਟਨਾ ਨਹੀਂ : ਖਹਿਰਾ

10/19/2017 3:29:32 AM

ਲੁਧਿਆਣਾ(ਸਲੂਜਾ)- ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਆਰ. ਐੱਸ. ਐੱਸ. ਨੇਤਾ ਰਵਿੰਦਰ ਗੋਸਾਈਂ ਦੇ ਕਤਲ 'ਤੇ ਡੂੰਘੀ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਇਹ ਪੰਜਾਬ 'ਚ ਸਿਆਸੀ ਹੱਤਿਆਵਾਂ ਦੀ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਪਾਸਟਰ ਸੁਲਤਾਨ ਮਸੀਹ, ਭੈਣੀ ਸਾਹਿਬ 'ਚ ਮਾਤਾ ਚੰਦ ਕੌਰ ਅਤੇ ਜਲੰਧਰ 'ਚ ਆਰ. ਐੱਸ. ਐੱਸ. ਨੇਤਾ ਜਗਦੀਸ਼ ਗਗਨੇਜਾ ਦੇ ਹੋਏ ਕਤਲ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਅੱਜ ਤਕ ਪੁਲਸ ਬੇਨਕਾਬ ਕਰਨ 'ਚ ਨਾਕਾਮ ਸਾਬਿਤ ਹੋਈ ਹੈ। ਉਹ ਤਾਂ ਇਹ ਵੀ ਮਹਿਸੂਸ ਕਰਦੇ ਹਨ ਕਿ ਅੱਜ ਪੰਜਾਬ 'ਚ ਪੁਲਸ ਦਾ ਸਿਆਸੀਕਰਨ ਹੋ ਚੁੱਕਿਆ ਹੈ। ਸਮਾਜ ਵਿਰੋਧੀ ਅਨਸਰ ਖੁੱਲ੍ਹੇਆਮ ਘੁੰਮ ਰਹੇ ਹਨ। ਲੋਕਾਂ 'ਚ ਡਰ ਅਤੇ ਸਹਿਮ ਪੈਦਾ ਹੋ ਚੁੱਕਿਆ ਹੈ। ਆਮ ਆਦਮੀ ਪਾਰਟੀ ਦੇ ਨੇਤਾ ਖਹਿਰਾ ਨੇ ਅੱਜ ਇਥੇ ਰਵਿੰਦਰ ਗੋਸਾਈਂ ਦੇ ਨਿਵਾਸ 'ਤੇ ਪਰਿਵਾਰ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।