ਬਣਦੇ ਹੀ ਖਿੱਲਰਿਆ ''ਖਹਿਰਾ'' ਦਾ ਕੁਨਬਾ, ਸੰਧੂ ਸਮੇਤ 7 ਵਿਧਾਇਕ ਛੱਡਣਗੇ ਸਾਥ!

12/17/2018 11:31:56 AM

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬੇਸ਼ੱਕ ਪਾਰਟੀ ਨੂੰ ਝਟਕਾ ਦੇਣ ਲਈ ਇਕ 'ਨਵਾਂ ਡੈਮੋਕ੍ਰੇਟਿਕ ਅਲਾਇੰਸ' ਬਣਾ ਕੇ ਭਵਿੱਖ 'ਚ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਪਰ ਪਾਰਟੀ ਤੋਂ ਮੁਅੱਤਲ ਵਿਧਾਇਕ ਕੰਵਰ ਸੰਧੂ ਸਮੇਤ ਹੋਰ 7 ਬਾਗੀ ਵਿਧਾਇਕ ਸੁਖਪਾਲ ਖਹਿਰਾ ਤੋਂ ਦੂਰੀ ਬਣਾ ਸਕਦੇ ਹਨ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪਿਛਲੇ ਦਿਨੀਂ ਸੁਖਪਾਲ ਖਹਿਰਾ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ 7 ਵਿਧਾਇਕਾਂ ਨੇ ਬੁੱਧਵਾਰ ਨੂੰ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ। ਇਸ ਮੀਟਿੰਗ 'ਚ ਫੈਸਲਾ ਲਿਆ ਜਾਵੇਗਾ ਕਿ ਉਨ੍ਹਾਂ ਨੇ ਪ੍ਰਤੱਖ ਤੌਰ 'ਤੇ 'ਪੰਜਾਬ ਡੈਮੋਕ੍ਰੇਟਿਕ ਅਲਾਇੰਸ' ਨਾਲ ਚੱਲਣਾ ਹੈ ਜਾਂ ਫਿਰ ਆਪਣਾ ਵੱਖਰਾ ਫਰੰਟ ਬਣਾਉਣਾ ਹੈ।
ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਬੁੱਧਵਾਰ ਨੂੰ ਮੀਟਿੰਗ ਕਰਨ ਦਾ ਫੈਸਲਾ ਲਿਆ ਹੈ। ਇਨ੍ਹਾਂ ਵਿਧਾਇਕਾਂ ਦਾ ਮੰਨਣਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ, ਜਦੋਂ ਕਿ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਪਾਰਟੀ ਨੇ ਮੁਅੱਤਲ ਕਰ ਦਿੱਤਾ ਹੈ। ਅਜਿਹੇ ਹਾਲਾਤ 'ਚ ਜੇਕਰ ਉਹ ਪ੍ਰਤੱਖ ਤੌਰ 'ਤੇ ਸੁਖਪਾਲ ਖਹਿਰਾ ਨਾਲ ਚੱਲਦੇ ਹਨ ਤਾਂ ਉਨ੍ਹਾਂ 'ਤੇ ਪਾਰਟੀ ਵਲੋਂ ਕਾਰਵਾਈ ਹੋ ਸਕਦੀ ਹੈ। ਸੂਤਰਾਂ ਮੁਤਾਬਕ ਆਪਣਾ ਵਿਧਾਇਕ ਦਾ ਅਹੁਦਾ ਬਚਾਉਣ ਲਈ ਇਹ ਵਿਧਾਇਕ ਪ੍ਰਤੱਖ ਤੌਰ 'ਤੇ ਖਹਿਰਾ ਦੇ ਧੜੇ ਨਾਲ ਨਹੀਂ ਚੱਲਣਗੇ ਅਤੇ ਆਪਣਾ ਇਕ ਵੱਖਰਾ ਫਰੰਟ ਬਣਾਉਣਗੇ, ਜਿਸ ਨਾਲ ਪਾਰਟੀ 'ਤੇ ਦਬਾਅ ਵੀ ਬਣਿਆ ਰਹੇ ਅਤੇ ਲੋਕਾਂ 'ਚ ਇਹ ਸੰਦੇਸ਼ ਵੀ ਬਰਕਰਾਰ ਰਹੇ ਕਿ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਇਨ੍ਹਾਂ ਵਿਧਾਇਕਾਂ ਦਾ ਰੁਖ ਦਿੱਲੀ ਲੀਡਰਸ਼ਿਪ ਤੋਂ ਵੱਖਰਾ ਹੈ।  ਉੱਥੇ ਹੀ ਦੂਜੇ ਪਾਸੇ 'ਆਪ' ਦੇ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਵੀ ਅਲਾਇੰਸ ਦੇ ਦੋ ਧਾਰਮਿਕ ਪ੍ਰਸਤਾਵਾਂ ਤੋਂ ਕਿਨਾਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਾਂ ਤੋਂ ਮੰਨਿਆ ਜਾ ਰਿਹਾ ਸੀ ਕਿ ਖਹਿਰਾ ਧੜਾ ਦਾ ਰੁਝਾਨ ਪੰਥਕ ਮਾਮਲਿਆਂ ਵੱਲ ਰਹੇਗਾ।

Babita

This news is Content Editor Babita