ਖਹਿਰਾ ਦੇ ਸਿੱਖ ਰੈਫਰੰਡਮ ਸਬੰਧੀ ਦਿੱਤੇ ਬਿਆਨਾਂ ਬਾਰੇ ਕੇਜਰੀਵਾਲ ਆਪਣਾ ਸਟੈਂਡ ਸਪੱਸ਼ਟ ਕਰਨ : ਧਰਮਸੌਤ

06/19/2018 4:48:21 AM

ਅਹਿਮਦਗੜ੍ਹ(ਪੁਰੀ, ਇਰਫਾਨ)–ਪੰਜਾਬ ਸਰਕਾਰ ਦੇ ਮਹਿਕਮਾ ਜੰਗਲਾਤ ਅਤੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਆਗੂ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਖਹਿਰਾ ਦੀਆਂ ਪੰਜਾਬ ਅੰਦਰ ਗਤੀਵਿਧੀਆਂ ਅੱਤਵਾਦ ਨੂੰ ਸ਼ਹਿ ਦੇਣ ਵਾਲੀਆਂ ਹਨ । ਖਹਿਰਾ ਵੱਲੋਂ ਸਿੱਖ ਰੈਫਰੰਡਮ 2020 ਸਬੰਧੀ ਦਿੱਤੇ ਬਿਆਨਾਂ ਤੋਂ ਭਾਵੇਂ ਪਾਸਾ ਵੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਨੂੰ ਇਸ ਸਬੰਧੀ ਸਥਿਤੀ ਸਪੱਸ਼ਟ ਕਰਨੀ ਅਤਿ ਜ਼ਰੂਰੀ ਹੈ । ਰੇਲਵੇ ਰੋਡ ਵਿਖੇ ਕਾਂਗਰਸ ਪਾਰਟੀ ਦੇ ਬਾਜ਼ੀਗਰ ਸੈੱਲ ਦੇ ਚੇਅਰਮੈਨ ਜੱਗਾ ਰਾਮ ਧਰਮਸੌਤ ਦੇ ਬੇਟੇ ਬਿੰਦਰੀ ਰਾਮ ਦੀ ਬਰਸੀ ਮੌਕੇ ਪਹੁੰਚੇ ਸਾਧੂ ਸਿੰਘ ਧਰਮਸੌਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਹਿਰਾ ਵੱਲੋਂ ਦਿੱਤਾ ਗਿਆ ਬਿਆਨ ਸਿੱਧੇ ਤੌਰ 'ਤੇ ਅੱਤਵਾਦ ਨੂੰ ਸ਼ਹਿ ਦੇਣ ਵਾਲਾ ਹੈ ਅਤੇ ਜੇ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਪਾਰਟੀ ਵਿਚੋਂ ਖਾਰਿਜ ਨਾ ਕੀਤਾ ਤਾਂ ਬੀਤੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਲੋਕਾਂ ਵੱਲੋਂ 'ਆਪ' 'ਤੇ ਲੱਗੇ ਅੱਤਵਾਦ ਨੂੰ ਸ਼ਹਿ ਦੇਣ ਵਾਲੇ ਇਲਜ਼ਾਮ ਸਿੱਧ ਹੋ ਜਾਣਗੇ । ਧਰਮਸੌਤ ਨੇ ਦਾਅਵਾ ਕੀਤਾ ਕਿ ਜਦੋਂ ਵੀ ਜਨੂੰਨੀ ਪਾਰਟੀਆਂ ਨੇ ਅੱਤਵਾਦ ਜਾਂ ਵੱਖਵਾਦ ਪੈਦਾ ਕੀਤਾ ਹੈ ਤਾਂ ਕਾਂਗਰਸੀ ਆਗੂਆਂ ਨੇ ਅਮਨ-ਸ਼ਾਂਤੀ ਪੈਦਾ ਕਰਨ ਲਈ ਸਿਰ-ਧੜ ਦੀ ਬਾਜ਼ੀ ਲਾਈ ਹੈ । ਇਸ ਮੌਕੇ ਪ੍ਰਧਾਨ ਨਗਰ ਕੌਂਸਲ ਸਿਰਾਜ ਮੁਹੰਮਦ, ਸਾਬਕਾ ਪ੍ਰਧਾਨ ਜਤਿੰਦਰ ਭੋਲਾ, ਜਸਵਿੰਦਰ ਸਿੰਘ ਲਾਲੀ ਪ੍ਰਧਾਨ ਟਰੱਕ ਯੂਨੀਅਨ, ਕਮਿੱਕਰ ਰਾਮ, ਪਰਮਜੀਤ ਸਿੰਘ ਪੰਮਾ ਅਤੇ ਕਾਕਾ ਖਾਨ ਵੀ ਹਾਜ਼ਰ ਸਨ ।