ਪੁਲਸ ਵੱਲੋਂ ਰੋਕੇ ਜਾਣ ਤੋਂ ਬਾਅਦ ਬੋਲੇ ਖਹਿਰਾ, ''ਸ਼ਰੇਆਮ ਗੁੰਡਾਗਰਦੀ ''ਤੇ ਉਤਰੀ ਸਰਕਾਰ'' (ਵੀਡੀਓ)

05/27/2018 6:44:15 PM

ਅੰਮ੍ਰਿਤਸਰ (ਸੁਮਿਤ, ਅਠੌਲਾ, ਮਨਦੀਪ, ਕੈਪਟਨ)— ਰਾਣਾ ਸ਼ੂਗਰ ਮਿਲ ਦੀ ਡਰੇਨ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਦੇ ਬੁੱਟਰ 'ਚ ਪਹੁੰਚੇ 'ਆਪ' ਆਗੂ ਸੁਖਪਾਲ ਖਹਿਰਾ ਨੇ ਪੁਲਸ ਵੱਲੋਂ ਰੋਕੇ ਜਾਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਹੁਣ ਸ਼ਰੇਆਮ ਗੁੰਡਾਗਰਦੀ 'ਤੇ ਉਤਰ ਆਈ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਰਾਣਾ ਗੁਰਜੀਤ ਦੇ ਗੁੰਡਿਆਂ ਨੂੰ ਕਿਉਂ ਨਹੀਂ ਰੋਕਿਆ। ਜੇਕਰ ਰਾਣਾ ਗੁਰਜੀਤ ਸਿੰਘ ਸਹੀ ਹਨ ਤਾਂ ਸ਼ੂਗਰ ਮਿਲ ਦਾ ਜਾਇਜ਼ਾ ਲੈਣ ਸਮੇਂ ਉਨ੍ਹਾਂ ਨੂੰ ਪੁਲਸ ਵੱਲੋਂ ਕਿਉਂ ਰੁਕਵਾਇਆ ਗਿਆ ਅਤੇ ਕਿਉਂ ਨਹੀਂ ਸ਼ੂਗਰ ਮਿਲ ਦਾ ਜਾਇਜ਼ਾ ਲੈਣ ਦਿੱਤਾ ਗਿਆ। ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਦੀ ਮਿਲ ਵੱਲੋਂ ਬੁੱਟਰ ਦੀ ਡਰੇਨ 'ਚ ਜ਼ਹਿਰੀਲਾ ਸੀਰਾ ਨਹੀਂ ਪਾਇਆ ਜਾਂਦਾ ਪਰ ਇਹ ਜ਼ਹਿਰੀਲਾ ਪਾਣੀ ਫਿਰ ਕਿੱਥੋਂ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ੂਗਰ ਮਿਲ ਦੇ ਮਾਲਕ ਸਿਆਸੀ ਲੋਕ ਹਨ। ਕੈਪਟਨ ਅਤੇ ਬਾਦਲ ਇਨ੍ਹਾਂ 'ਤੇ ਕੋਈ ਰੋਕ ਨਹੀਂ ਲਗਾ ਸਕਦੇ। 
ਉਨ੍ਹਾਂ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਦੀ ਸ਼ੂਗਰ ਮਿਲ ਤੋਂ ਜੋ ਪਾਣੀ ਦਾ ਰਿਸਾਅ ਹੋ ਰਿਹਾ ਹੈ ਉਹ ਖਤਰਨਾਕ ਹੈ। ਇਸ ਦੇ ਨਾਲ ਨੇੜੇ ਦੇ ਲੋਕਾਂ ਨੂੰ ਕਈ ਬੀਮਾਰੀਆਂ ਲੱਗ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਵਿਧਾਨ ਸਭਾ 'ਚ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਮੈਂ ਇਥੋਂ ਦੇ ਗੰਦੇ ਪਾਣੀ ਦੀ ਇਕ ਬੋਤਲ ਭਰੀ ਹੈ, ਮੈਂ ਵਿਧਾਨ ਸਭਾ 'ਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਤੇ ਰਾਣਾ ਗੁਰਜੀਤ ਸਿੰਘ ਨੂੰ ਇਕ-ਇਕ ਘੁੱਟ ਪੀਣ ਲਈ ਦਿਆਂਗਾ ਜੇਕਰ ਉਹ ਪੀ ਗਏ ਤਾਂ ਮੈਂ ਸੰਘਰਸ਼ ਵਾਪਸ ਲੈ ਲਵਾਂਗਾ। 
ਉਨ੍ਹਾਂ ਨੇ ਕਿਹਾ ਕਿ ਇਥੋਂ ਜੋ ਪਾਣੀ ਇਕੱਠਾ ਕੀਤਾ ਹੈ  ਉਨ੍ਹਾਂ ਸਿੱਧੇ ਤੌਰ 'ਤੇ ਕੈਪਟਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਕੈਪਟਨ ਮਨਾਲੀ 'ਚ ਲੱਗੇ ਹਨ ਅਤੇ ਇਥੇ ਪੰਜਾਬ ਦਾ ਵਾਤਾਵਰਣ ਖਰਾਬ ਹੋ ਰਿਹਾ ਹੈ। 
ਦੂਜੇ ਪਾਸੇ ਮਿਲ ਦੇ ਹੱਕ 'ਚ ਨਿਤਰੇ ਕਿਸਾਨਾਂ ਨੇ ਸੁਖਪਾਲ ਖਹਿਰਾ ਨੂੰ ਰੱਜ ਕੇ ਕੋਸਿਆ, ਉਨ੍ਹਾਂ ਕਿਹਾ ਕਿ ਇਸ ਦਲ ਬਦਲੂ ਨੂੰ ਲੋਕ ਹੁਣ ਮੂੰਹ ਨਹੀਂ ਲਾ ਰਹੇ ਅਤੇ ਇਹ ਚੱਲਿਆ ਕਾਰਤੂਸ ਆਪਣੀ ਲੀਡਰੀ ਚਮਕਾਉਣ ਲਈ ਹੀ ਹੱਥਕੰਡੇ ਅਪਣਾ ਰਿਹਾ ਹੈ, ਉਨ੍ਹਾਂ ਕਿਹਾ ਕਿ ਮਿਲ ਨੇ ਇਲਾਕੇ ਦੇ ਹਜ਼ਾਰਾਂ ਕਿਸਾਨਾਂ ਨੂੰ ਰੋਜ਼ਗਾਰ ਦਿੱਤਾ ਹੈ ਅਤੇ ਮਿਲ ਹਮੇਸ਼ਾਂ ਹੀ ਕਿਸਾਨਾਂ ਦੇ ਦੁੱਖ-ਸੁੱਖ 'ਚ ਭਾਈਵਾਲ ਬਣਦੀ ਹੈ। ਇਥੇ ਸਾਡਾ ਗੰਨਾ ਅਤੇ ਚਕੁੰਦਰ ਦੀ ਫਸਲ ਸਮੇਂ ਸਿਰ ਚੁੱਕੀ ਜਾਂਦੀ ਹੈ ਅਤੇ ਸਮੇਂ ਸਿਰ ਭੁਗਤਾਨ ਹੁੰਦਾ ਹੈ, ਕਿਸਾਨਾਂ ਕਿਹਾ ਕਿ ਮਿਲ ਚਕੁੰਦਰ ਦੀ ਫਸਲ ਵਾਸਤੇ 20 ਹਜਾਰ ਰੁਪਏ ਐਡਵਾਂਸ ਵੀ ਦਿੰਦੀ ਹੈ, ਉਨ੍ਹਾਂ ਨੇ ਕਿਹਾ ਕਿ ਮਿਲ ਨੂੰ ਮਹਾਂਪੁਰਸ਼ ਸੰਤ ਬਾਬਾ ਠਾਕਰ ਸਿੰਘ ਜੀ ਦੇ ਅਸ਼ੀਰਵਾਦ ਨਾਲ ਚਾਲੂ ਕੀਤਾ ਗਿਆ ਸੀ, ਜੋ ਕਿ ਇਲਾਕੇ ਦੇ ਕਿਸਾਨਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਉਨ੍ਹਾਂ ਕਿਹਾ ਖਹਿਰਾ ਦੀ ਇਹ ਮਿਲ ਨੁੰ ਬੰਦ ਕਰਵਾਉਣ ਦੀ ਕੋਝੀ ਹਰਕਤ ਹੈ, ਜੋ ਕਿ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ ।
ਉਥੇ ਹੀ ਦੂਜੇ ਪਾਸੇ ਰਾਣਾ ਸ਼ੂਗਰ ਮਿਲ ਦੇ ਮੈਨੇਜਿੰਗ ਡਾਇਰੈਕਟਰ ਰਾਣਾ ਵੀਰ ਪ੍ਰਤਾਪ ਸਿੰਘ ਨੇ ਕਿਹਾ ਕਿ ਮਿਲ ਦੇ ਅੰਦਰ ਦੇ ਸਾਰੇ ਟੈਸਟ ਕਰਵਾਏ ਗਏ ਹਨ ਅਤੇ ਗੰਦਾ ਪਾਣੀ ਉਨ੍ਹਾਂ ਦੇ ਵੱਲੋਂ ਨਹੀਂ ਸੁੱਟਿਆ ਜਾ ਰਿਹਾ ਹੈ। ਇਸ ਦੀ ਜਾਂਚ ਕਿਸੇ ਵੀ ਵਿਭਾਗ ਤੋਂ ਕਰਵਾਈ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਮਿਲ ਦੇ ਅੰਦਰ ਸਾਫ ਪਾਣੀ ਦੇ ਸਾਰੇ ਇੰਤਜ਼ਾਮ ਹਨ ਅਤੇ ਜੋ ਪਾਣੀ ਸੁਖਪਾਲ ਖਹਿਰਾ ਦਿਖਾ ਰਹੇ ਹਨ, ਉਹ ਮਿਲ ਦਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਖਹਿਰਾ ਵੱਲੋਂ ਜੋ ਦੋਸ਼ ਲਗਾਏ ਜਾ ਰਹੇ ਹਨ, ਉਹ ਸਾਰੇ ਝੂਠੇ ਹਨ। ਇਸ ਮੌਕੇ ਹਰਭਜਨ ਸਿੰਘ ਈ. ਟੀ. ਓ, ਦਲਬੀਰ ਸਿੰਘ ਟੌਂਗ, ਚਰਨਦੀਪ ਸਿੰਘ ਭਿੰਡਰ, ਸਰਪੰਚ ਪਰਮਿੰਦਰਜੀਤ ਸਿੰਘ ਬਾਬਾ ਬਕਾਲਾ, ਗੁਰਮੇਜ ਸਿੰਘ ਗੱਗੜਭਾਣਾ ਪ੍ਰਧਾਨ, ਗੁਰਦੇਵ ਸਿੰਘ ਠੱਠੀਆਂ, ਗੁਰਮੀਤ ਸਿੰਘ ਪਨੇਸਰ ਸਾ: ਸਰਪੰਚ,  ਰਵਿੰਦਰ ਸਿੰਘ ਕੰਗ, ਜਸਵਿੰਦਰ ਸਿੰਘ ਸੰਧੂ, ਦਲਬੀਰ ਸਿੰਘ ਟਕਾਪੁਰ, ਆਦਿ ਮੌਜੂਦ ਸਨ ।